ਨਵੀਂ ਦਿੱਲੀ:ਆਸਟ੍ਰੇਲੀਆ ਨੂੰ ਟੀ-20 ਮਹਿਲਾ ਵਿਸ਼ਵ ਕੱਪ ਦਾ ਜੇਤੂ ਬਣਾਉਣ ਵਾਲੀ ਆਸਟ੍ਰੇਲੀਆਈ ਕਪਤਾਨ ਮੇਗ ਲੈਨਿੰਗ ਨੂੰ ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ਦੇ ਪਹਿਲੇ ਸੀਜ਼ਨ 'ਚ ਦਿੱਲੀ ਕੈਪੀਟਲਜ਼ ਦੀ ਕਪਤਾਨ ਬਣਾਇਆ ਗਿਆ ਹੈ। ਲੈਨਿੰਗ ਦੀ ਕਪਤਾਨੀ 'ਚ ਆਸਟ੍ਰੇਲੀਆ ਨੇ ਹਾਲ ਹੀ 'ਚ ਟੀ-20 ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਦਿੱਲੀ ਕੈਪੀਟਲਜ਼ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਮੇਗ-ਏ ਸਟਾਰ ਕੈਪਸ਼ਨ ਦੇ ਨਾਲ ਇੱਕ ਪੋਸਟ ਕਰਕੇ ਲੈਨਿੰਗ ਨੂੰ ਆਪਣੀ ਟੀਮ ਦਾ ਕਪਤਾਨ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਦਿੱਲੀ ਕੈਪੀਟਲਜ਼ ਨੇ ਲੈਨਿੰਗ ਨੂੰ 1.10 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਮੇਗ ਲੈਨਿੰਗ ਦਾ ਟੀ-20 ਅੰਤਰਰਾਸ਼ਟਰੀ ਕੈਰੀਅਰ: ਲੈਨਿੰਗ ਨੇ ਆਸਟ੍ਰੇਲੀਆ ਲਈ 132 ਟੀ-20 ਮੈਚ ਖੇਡੇ ਹਨ, ਜਿਸ ਵਿੱਚ ਦੋ ਸੈਂਕੜੇ ਅਤੇ 15 ਅਰਧ ਸੈਂਕੜਿਆਂ ਦੀ ਮਦਦ ਨਾਲ 36.61 ਦੀ ਔਸਤ ਅਤੇ 116.37 ਦੀ ਸਟ੍ਰਾਈਕ ਰੇਟ ਨਾਲ 3405 ਦੌੜਾਂ ਬਣਾਈਆਂ ਹਨ। ਇਨ੍ਹਾਂ 132 ਮੈਚਾਂ 'ਚੋਂ ਉਸ ਨੇ 100 ਮੈਚਾਂ 'ਚ ਆਸਟ੍ਰੇਲੀਆ ਦੀ ਕਪਤਾਨੀ ਕੀਤੀ ਹੈ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਇਕਲੌਤੀ ਮਹਿਲਾ ਕਪਤਾਨ ਹੈ। ਲੈਨਿੰਗ WPL ਟੀਮ ਦੀ ਅਗਵਾਈ ਕਰਨ ਵਾਲੀ ਤੀਜੀ ਆਸਟ੍ਰੇਲੀਆਈ ਖਿਡਾਰੀ ਹੈ ਅਤੇ ਉਸ ਨੂੰ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਬੇਥ ਮੂਨੀ ਨੂੰ ਗੁਜਰਾਤ ਜਾਇੰਟਸ ਦਾ ਕਪਤਾਨ ਬਣਾਇਆ ਗਿਆ ਸੀ ਅਤੇ ਐਲੀਸਾ ਹੀਲੀ ਨੂੰ ਯੂਪੀ ਵਾਰੀਅਰਜ਼ ਦਾ ਕਪਤਾਨ ਬਣਾਇਆ ਗਿਆ ਸੀ।