ਰਾਂਚੀ— ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਭਾਵੇਂ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੋਵੇ ਪਰ ਇਸ ਦਾ ਉਨ੍ਹਾਂ ਦੀ ਸਾਲਾਨਾ ਆਮਦਨ 'ਤੇ ਕੋਈ ਅਸਰ ਨਹੀਂ ਪਿਆ ਹੈ। ਪਿਛਲੇ ਇੱਕ ਸਾਲ ਵਿੱਚ ਉਸਦੀ ਆਮਦਨ ਵਿੱਚ ਕਰੀਬ 30 ਫੀਸਦੀ ਦਾ ਵਾਧਾ ਹੋਇਆ ਹੈ।
ਉਸ ਵੱਲੋਂ ਇਨਕਮ ਟੈਕਸ ਵਿਭਾਗ ਵਿੱਚ ਜਮ੍ਹਾ ਕੀਤਾ ਗਿਆ ਐਡਵਾਂਸ ਟੈਕਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਉਸਨੇ ਸਾਲ 2021-22 ਲਈ ਆਮਦਨ ਕਰ ਵਿਭਾਗ ਨੂੰ 38 ਕਰੋੜ ਰੁਪਏ ਐਡਵਾਂਸ ਟੈਕਸ ਵਜੋਂ ਅਦਾ ਕੀਤੇ ਹਨ, ਜਦੋਂ ਕਿ ਪਿਛਲੇ ਸਾਲ ਯਾਨੀ ਸਾਲ 2020-21 ਵਿੱਚ ਇਹ ਰਕਮ ਲਗਭਗ 30 ਕਰੋੜ ਸੀ। ਆਮਦਨ ਕਰ ਵਿਭਾਗ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਮਹਿੰਦਰ ਸਿੰਘ ਧੋਨੀ ਇਸ ਸਾਲ ਵੀ ਝਾਰਖੰਡ ਦੇ ਸਭ ਤੋਂ ਵੱਡੇ ਵਿਅਕਤੀਗਤ ਟੈਕਸ ਦਾਤਾ ਰਹੇ ਹਨ।
ਮਾਹਿਰਾਂ ਮੁਤਾਬਕ ਧੋਨੀ ਵੱਲੋਂ ਜਮ੍ਹਾ ਕੀਤੇ 38 ਕਰੋੜ ਦੇ ਐਡਵਾਂਸ ਟੈਕਸ ਦੇ ਆਧਾਰ 'ਤੇ ਸਾਲ 2021-22 'ਚ ਉਨ੍ਹਾਂ ਦੀ ਆਮਦਨ 130 ਕਰੋੜ ਦੇ ਕਰੀਬ ਰਹਿਣ ਦੀ ਉਮੀਦ ਹੈ। ਆਮਦਨ ਕਰ ਵਿਭਾਗ ਦੇ ਅੰਕੜਿਆਂ ਅਨੁਸਾਰ, ਧੋਨੀ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਤੋਂ ਹੀ ਝਾਰਖੰਡ ਵਿੱਚ ਵਿਅਕਤੀਗਤ ਸ਼੍ਰੇਣੀ ਵਿੱਚ ਲਗਾਤਾਰ ਸਭ ਤੋਂ ਵੱਡਾ ਆਮਦਨ ਕਰ ਦਾਤਾ ਰਿਹਾ ਹੈ।