ਕੋਲੰਬੋ: ਭਾਰਤ ਦੇ ਸਟਾਰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਗੋਡੇ ਦੀ ਸੱਟ ਕਾਰਨ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਸਨ ਪਰ ਕੁਲਦੀਪ ਸੱਟ ਤੋਂ ਬਾਅਦ ਟੀਮ ਇੰਡੀਆ 'ਚ ਵਾਪਸੀ ਕਰਦੇ ਹੀ ਮੁੜ ਤੋਂ ਛਾਏ ਹੋਏ ਹਨ। ਕੁਲਦੀਪ ਆਪਣੀ ਤਿੱਖੀ ਗੇਂਦਬਾਜ਼ੀ ਨਾਲ ਮੈਦਾਨ 'ਤੇ ਜਾਦੂ ਵਿਖਾ ਰਹੇ ਹਨ। ਕੁਲਦੀਪ ਨੇ ਟੀਮ ਇੰਡੀਆ ਨੂੰ ਏਸ਼ੀਆ ਕੱਪ 2023 ਦੇ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਕੁਲਦੀਪ ਨੇ ਏਸ਼ੀਆ ਕੱਪ 'ਚ ਹੁਣ ਤੱਕ 3 ਮੈਚਾਂ 'ਚ 9 ਵਿਕਟਾਂ ਹਾਸਿਲ ਕੀਤੀਆਂ ਹਨ। ਉਸ ਨੇ ਪਾਕਿਸਤਾਨ ਖਿਲਾਫ 5 ਵਿਕਟਾਂ ਲਈਆਂ ਸਨ। ਇਸ ਦੇ ਨਾਲ ਹੀ ਸ਼੍ਰੀਲੰਕਾ ਖਿਲਾਫ ਮੈਚ 'ਚ 4 ਵਿਕਟਾਂ ਲੈ ਕੇ ਆਪਣੇ 150 ਵਨਡੇ ਵਿਕਟ ਪੂਰੇ ਕਰਨ ਵਾਲੇ ਕੁਲਦੀਪ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ। (Asia Cup 2023)
ਖੱਬੇ ਹੱਥ ਦਾ ਸਪਿਨਰ ਵਜੋਂ ਸਭ ਤੋਂ ਤੇਜ਼ 150 ਵਿਕਟਾਂ: ਸਿਰਫ਼ 88 ਮੈਚਾਂ ਵਿੱਚ 150 ਵਨਡੇ ਵਿਕਟਾਂ ਲੈਣ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ (Chinaman bowler Kuldeep) ਯਾਦਵ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 150 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਸ ਨੇ ਪਾਕਿਸਤਾਨ ਦੇ ਖੱਬੇ ਹੱਥ ਦੇ ਸਪਿਨਰ ਅਬਦੁਲ ਰਜ਼ਾਕ ਦਾ ਰਿਕਾਰਡ ਤੋੜਿਆ, ਜਿਸ ਨੇ 108 ਮੈਚਾਂ ਵਿੱਚ 150 ਵਿਕਟਾਂ ਲਈਆਂ ਸਨ। ਆਸਟਰੇਲੀਆ ਦੇ ਬ੍ਰੈਡ ਹਾਜ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ ਕ੍ਰਮਵਾਰ 118 ਅਤੇ 119 ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਭਾਰਤ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਨੇ 129 ਮੈਚ ਖੇਡ ਕੇ 150 ਵਨਡੇ ਵਿਕਟਾਂ ਲਈਆਂ।