ਨਵੀਂ ਦਿੱਲੀ: ਨਿਉਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਕੋਚ ਗਲੇਨ ਟਰਨਰ ਨੇ ਕਿਹਾ ਕਿ ਸਾਉਥੈਮਪਟਨ ਵਿੱਚ ਨਿਉਜ਼ੀਲੈਂਡ ਦੇ ਨਾਲ ਹੋਣ ਵਾਲੀ ਅਗਾਮੀ ਵਲਰਡ ਟੈਸਟ ਚੈਂਪੀਅਨਸ਼ਿਪ (WTC) ਫਾਈਨਲ ਵਿੱਚ ਜੇਕਰ ਪਿਚ ਅਤੇ ਪਰਿਸਥਿਤੀਆਂ ਤੇਜ਼ ਗੇਂਦਬਾਜ਼ਾਂ ਅਤੇ ਸਵਿੰਗ ਦੇ ਪੱਖ ਵਿੱਚ ਰਹਿੰਦੀ ਹੈ ਤਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸੰਘਰਸ਼ ਕਰਨਾ ਪੈ ਸਕਦਾ ਹੈ।
ਟਰਨਰ ਨੇ ਕਿਹਾ, "ਮੈਂ ਇਸ ਬਾਰੇ ਕੋਈ ਕਿਆਸ ਲਗਾਉਣਾ ਨਹੀਂ ਚਾਹੁੰਦਾ ਕਿ ਪਰਿਸਥਿਤੀ ਨੂੰ ਲੈ ਕੇ ਕੋਹਲੀ ਸੁਚੇਤ ਹੈ ਜਾਂ ਨਹੀਂ। ਪਰ ਜੇ ਪਿੱਚ ਅਤੇ ਹਾਲਾਤ ਤੇਜ਼ ਗੇਂਦਬਾਜ਼ਾਂ ਅਤੇ ਸਵਿੰਗ ਦੇ ਪੱਖ ਵਿੱਚ ਹਨ ਤਾਂ ਉਨ੍ਹਾਂ ਨੂੰ ਹੋਰ ਬੱਲੇਬਾਜ਼ਾਂ ਦੀ ਤਰ੍ਹਾਂ ਸੰਘਰਸ਼ ਕਰਨਾ ਪੈ ਸਕਦਾ ਹੈ, ਜਿਵੇਂ ਕਿ ਨਿਉਜੀਲੈਂਡ ਵਿੱਚ ਹੋਇਆ ਸੀ।
ਉਨ੍ਹਾਂ ਕਿਹਾ, "ਇਕ ਵਾਰ ਫਿਰ ਤੋਂ ਮੈਦਾਨ ਉੱਤੇ ਪਰਿਸਥਿਤੀਆਂ ਮਹੱਤਵਪੂਰਨ ਹੋਣ ਵਾਲੀਆਂ ਹਨ। ਮੈਨੂੰ ਲਗਦਾ ਹੈ ਕਿ ਇਹ ਕਹਿਣਾ ਸਹੀ ਹੋਵੇਗਾ ਕਿ ਘਰੇਲੂ ਹਾਲਤਾਂ, ਜਿੱਥੇ ਬੱਲੇਬਾਜ਼ ਸਿੱਖਦੇ ਹਨ, ਇਕ ਖਿਡਾਰੀ ਦੀ ਤਕਨੀਕ ਅਤੇ ਹੁਨਰ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।"
ਸਾਬਕਾ ਕਪਤਾਨ ਨੇ ਕਿਹਾ, "ਹਾਲਾਂਕਿ ਅਜਿਹਾ ਲੱਗਦਾ ਹੈ ਕਿ ਹਾਲ ਹੀ ਦਿਨਾਂ ਵਿੱਚ ਭਾਰਤ ਵਿੱਚ ਪਿੱਚਾਂ ਸੀਮ ਗੇਂਦਬਾਜ਼ੀ ਵਿੱਚ ਮਦਦ ਕਰ ਰਹੀਆਂ ਹਨ, ਪਰ ਫਿਰ ਵੀ ਉਨ੍ਹਾਂ ਦੀ ਤੁਲਨਾ ਨਿਉਜ਼ੀਲੈਂਡ ਦੀ ਸਥਿਤੀਆਂ ਨਾਲ ਨਹੀਂ ਕੀਤੀ ਜਾ ਸਕਦੀ। ਜਦੋਂ ਭਾਰਤ ਨੇ ਆਖਰੀ ਵਾਰ ਨਿਉਜ਼ੀਲੈਂਡ ਦਾ ਦੌਰਾ ਕੀਤਾ ਸੀ, ਉਦੋਂ ਵੀ ਹਾਲਾਤ ਮਹੱਤਵਪੂਰਣ ਸਨ।"
ਭਾਰਤ ਨੇ ਆਖਰੀ ਵਾਰ ਨਿਉਜ਼ੀਲੈਂਡ ਦਾ ਦੌਰਾ ਕੀਤਾ ਸੀ, ਉਸ ਨੂੰ ਦੋਨੋਂ ਟੈਸਟ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਲੜੀ ਵਿੱਚ ਕੋਹਲੀ ਵੀ ਬੱਲੇ ਨਾਲ ਸੰਘਰਸ਼ ਕਰਦੇ ਦਿਖਾਈ ਦਿੱਤੇ ਸਨ। ਉਨ੍ਹਾਂ ਨੇ ਚਾਰ ਪਾਰੀਆਂ ਵਿੱਚ ਸਿਰਫ 38 ਦੌੜਾਂ ਬਣਾਈਆਂ।