ਕੋਲੰਬੋ: ਸੱਟ ਤੋਂ ਉਭਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਕੇਐੱਲ ਰਾਹੁਲ ਨੇ ਕਿਹਾ ਕਿ ਉਹ ਭਾਰਤੀ ਟੀਮ ਦੇ ਪਲੇਇੰਗ ਇਲੈਵਨ 'ਚ ਜਗ੍ਹਾ ਮਿਲਣ ਲਈ ਆਸਵੰਦ ਸੀ ਅਤੇ ਬੱਲੇਬਾਜ਼ ਅਤੇ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਸੀ।
ਪਾਕਿਸਤਾਨ ਖਿਲਾਫ ਸੁਪਰ ਫੋਰ ਦੇ ਮੈਚ 'ਚ ਵਾਪਸੀ:ਰਾਹੁਲ ਨੇ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਸੁਪਰ ਫੋਰ ਦੇ ਮੈਚ 'ਚ ਵਾਪਸੀ ਕੀਤੀ ਅਤੇ ਨਾਬਾਦ 111 ਦੌੜਾਂ ਬਣਾਈਆਂ। ਮਾਰਚ ਤੋਂ ਬਾਅਦ ਭਾਰਤ ਲਈ ਇਹ ਉਸਦਾ ਪਹਿਲਾ ਮੈਚ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਕਟਕੀਪਰ ਦੀ ਜ਼ਿੰਮੇਵਾਰੀ ਵੀ ਸੰਭਾਲੀ। ਸ੍ਰੀਲੰਕਾ ਖ਼ਿਲਾਫ਼ ਅਗਲੇ ਮੈਚ ਵਿੱਚ ਵੀ ਉਸ ਨੇ ਦੋਵੇਂ ਭੂਮਿਕਾਵਾਂ ਬਾਖੂਬੀ ਨਿਭਾਈਆਂ।
ਸ਼੍ਰੀਲੰਕਾ ਖਿਲਾਫ਼ ਵੀ ਸ਼ਾਨਦਾਰ ਪ੍ਰਦਰਸ਼ਨ:ਰਾਹੁਲ ਨੇ ਸ਼੍ਰੀਲੰਕਾ ਖਿਲਾਫ ਭਾਰਤ ਦੀ 41 ਦੌੜਾਂ ਦੀ ਜਿੱਤ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਂ ਪਿਛਲੇ ਦੋ ਮੈਚਾਂ 'ਚ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਸ਼ੁਰੂ ਵਿਚ ਮੈਂ ਥੋੜ੍ਹਾ ਘਬਰਾਇਆ ਹੋਇਆ ਸੀ ਪਰ ਕੁਝ ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਮੈਨੂੰ ਚੰਗਾ ਮਹਿਸੂਸ ਹੋਣ ਲੱਗਾ।
ਪਹਿਲਾਂ ਹੀ ਇਰਾਦੇ ਸੀ ਪੱਕੇ: ਰਾਹੁਲ ਨੇ ਰਾਸ਼ਟਰੀ ਕ੍ਰਿਕੇਟ ਅਕੈਡਮੀ (NCA) ਵਿੱਚ ਆਪਣੇ ਪੁਨਰਵਾਸ ਦੇ ਦੌਰਾਨ ਸਖ਼ਤ ਮਿਹਨਤ ਕੀਤੀ, ਜਿਸ ਨਾਲ ਉਸਨੂੰ ਇੱਕ ਸਫਲ ਵਾਪਸੀ ਕਰਨ ਵਿੱਚ ਮਦਦ ਮਿਲੀ। ਉਸ ਨੇ ਕਿਹਾ, 'ਮੈਂ ਸੋਚ ਰਿਹਾ ਸੀ ਕਿ ਮੈਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲੇਗੀ ਅਤੇ ਮੈਂ ਇਸੇ ਤਰ੍ਹਾਂ ਤਿਆਰੀ ਕੀਤੀ ਸੀ। ਮੈਨੂੰ ਪੂਰਾ ਭਰੋਸਾ ਸੀ ਕਿ ਮੈਂ ਟੀਮ ਦੀ ਤਰਫੋਂ ਆਪਣੀਆਂ ਭੂਮਿਕਾਵਾਂ ਨੂੰ ਚੰਗੀ ਤਰ੍ਹਾਂ ਨਿਭਾ ਸਕਾਂਗਾ।
ਵਿਕਟਕੀਪਿੰਗ ਦਾ ਢੁਕਵਾਂ ਅਭਿਆਸ: ਟੀਮ ਪ੍ਰਬੰਧਨ ਨੇ ਇਸ 31 ਸਾਲਾ ਖਿਡਾਰੀ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਉਸ ਨੂੰ ਮੱਧਕ੍ਰਮ ਦੇ ਬੱਲੇਬਾਜ਼ ਹੋਣ ਦੇ ਨਾਲ-ਨਾਲ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਉਣੀ ਹੋਵੇਗੀ। ਰਾਹੁਲ ਨੇ ਕਿਹਾ, 'ਟੀਮ ਪ੍ਰਬੰਧਨ ਨੇ ਮੈਨੂੰ ਮੇਰੀ ਭੂਮਿਕਾ ਬਾਰੇ ਦੱਸਿਆ ਸੀ ਕਿ ਮੈਨੂੰ ਮੱਧਕ੍ਰਮ 'ਚ ਬੱਲੇਬਾਜ਼ੀ ਕਰਨੀ ਹੋਵੇਗੀ ਅਤੇ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਉਣੀ ਹੋਵੇਗੀ।' ਰਾਹੁਲ ਨੇ ਕਿਹਾ ਕਿ ਟੀਮ ਪ੍ਰਬੰਧਨ ਦੇ ਸਪੱਸ਼ਟ ਸੰਦੇਸ਼ ਤੋਂ ਬਾਅਦ, ਉਸ ਨੇ ਐਨਸੀਏ ਵਿੱਚ ਵਿਕਟਕੀਪਿੰਗ ਦਾ ਢੁਕਵਾਂ ਅਭਿਆਸ ਵੀ ਕੀਤਾ ਸੀ।
ਆਸਟ੍ਰੇਲੀਆ ਖਿਲਾਫ ਸ਼ੁਰੂ ਕੀਤੀ ਸੀ ਵਿਕਟਕੀਪਿੰਗ: ਉਸ ਨੇ ਕਿਹਾ, 'ਮੈਂ ਪਿਛਲੇ ਦੋ ਸਾਲਾਂ ਤੋਂ ਵਿਕਟਕੀਪਰ ਦੀ ਭੂਮਿਕਾ ਨਿਭਾ ਰਿਹਾ ਹਾਂ। ਇਸ ਲਈ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਮੈਂ 2019 'ਚ ਆਸਟ੍ਰੇਲੀਆ ਖਿਲਾਫ ਵਿਕਟਕੀਪਿੰਗ ਸ਼ੁਰੂ ਕੀਤੀ ਸੀ ਜਦੋਂ ਰਿਸ਼ਭ ਪੰਤ ਜ਼ਖਮੀ ਹੋ ਗਿਆ ਸੀ। ਮੈਂ NCA 'ਚ ਕੋਚ ਦੇ ਨਾਲ ਆਪਣੀ ਵਿਕਟਕੀਪਿੰਗ 'ਤੇ ਵੀ ਕੰਮ ਕੀਤਾ। ਉਮੀਦ ਹੈ ਕਿ ਮੈਂ ਆਪਣੀਆਂ ਦੋਵੇਂ ਭੂਮਿਕਾਵਾਂ ਚੰਗੀ ਤਰ੍ਹਾਂ ਨਿਭਾਉਂਦਾ ਰਹਾਂਗਾ।
ਗੇਂਦਬਾਜ਼ ਕੁਲਦੀਪ ਯਾਦਵ ਦੀ ਵੀ ਕੀਤੀ ਤਾਰੀਫ: ਰਾਹੁਲ ਨੇ ਇਸ ਸਾਲ ਵਨਡੇ 'ਚ ਭਾਰਤ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਕੁਲਦੀਪ ਯਾਦਵ ਦੀ ਵੀ ਤਾਰੀਫ ਕੀਤੀ, ਜਿਸ ਨੇ ਆਪਣੀ ਤਕਨੀਕ 'ਚ ਕੁਝ ਬਦਲਾਅ ਕਰਨ ਤੋਂ ਬਾਅਦ ਬਿਹਤਰ ਗੇਂਦਬਾਜ਼ ਦੇ ਰੂਪ 'ਚ ਵਾਪਸੀ ਕੀਤੀ ਹੈ।
ਗੇਂਦਬਾਜ਼ੀ 'ਚ ਕੁਝ ਬਦਲਾਅ: ਰਾਹੁਲ ਨੇ ਕਿਹਾ, 'ਮੈਂ ਉਸ ਦੀ ਗੇਂਦਬਾਜ਼ੀ ਦਾ ਬਹੁਤ ਆਨੰਦ ਲੈ ਰਿਹਾ ਹਾਂ। ਉਸ ਨੇ ਆਪਣੀ ਗੇਂਦਬਾਜ਼ੀ 'ਚ ਕੁਝ ਬਦਲਾਅ ਕੀਤੇ ਹਨ, ਜਿਸ ਕਾਰਨ ਉਸ ਨੂੰ ਚੰਗੇ ਨਤੀਜੇ ਮਿਲ ਰਹੇ ਹਨ। ਅਸੀਂ ਖੇਡ ਦੇ ਵਿਚਕਾਰ ਬੱਲੇਬਾਜ਼ ਨੂੰ ਆਊਟ ਕਰਨ ਦੀ ਰਣਨੀਤੀ ਬਾਰੇ ਗੱਲ ਕਰਦੇ ਰਹਿੰਦੇ ਹਾਂ। ਪਿਛਲੇ ਦੋ ਮੈਚਾਂ ਵਿੱਚ ਉਸ ਦੀ ਲੈਅ ਵੀ ਸ਼ਾਨਦਾਰ ਰਹੀ। (ਇਨਪੁਟ: ਪੀਟੀਆਈ ਭਾਸ਼ਾ)