ਮੈਲਬੌਰਨ— ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਐਡੀ ਦੀ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਪਹਿਲੇ ਪੜਾਅ 'ਚ ਨਹੀਂ ਖੇਡ ਸਕਣਗੇ। ਹੇਜ਼ਲਵੁੱਡ 14 ਅਪ੍ਰੈਲ ਨੂੰ ਭਾਰਤ ਆਉਣਗੇ ਪਰ ਉਹ ਮਹੀਨੇ ਦੇ ਤੀਜੇ ਹਫਤੇ ਹੀ ਪੂਰੀ ਫਿਟਨੈੱਸ ਹਾਸਲ ਕਰ ਸਕਣਗੇ। ਅਜਿਹੇ 'ਚ ਟੀਮ ਨੂੰ ਪਹਿਲੇ ਸੱਤ ਮੈਚਾਂ 'ਚ ਉਸ ਦੇ ਬਿਨਾਂ ਮੈਦਾਨ 'ਤੇ ਉਤਰਨਾ ਹੋਵੇਗਾ। ਉਸ ਦੇ ਆਸਟਰੇਲੀਆਈ ਸਾਥੀ ਗਲੇਨ ਮੈਕਸਵੈੱਲ ਦਾ 2 ਅਪ੍ਰੈਲ ਨੂੰ ਬੈਂਗਲੁਰੂ ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ ਆਰਸੀਬੀ ਦੇ ਸ਼ੁਰੂਆਤੀ ਮੈਚ ਵਿੱਚ ਖੇਡਣਾ ਸ਼ੱਕੀ ਹੈ। ਉਹ ਆਪਣੀ ਲੱਤ 'ਚ ਫਰੈਕਚਰ ਤੋਂ ਠੀਕ ਹੋ ਗਿਆ ਹੈ ਪਰ ਮੈਚ ਫਿਟਨੈੱਸ ਨੂੰ ਮੁੜ ਹਾਸਲ ਨਹੀਂ ਕਰ ਸਕਿਆ ਹੈ।
ਹੇਜ਼ਲਵੁੱਡ ਨੇ 'ਦਿ ਏਜ' ਨੂੰ ਦੱਸਿਆ ਕਿ ਸਭ ਕੁਝ ਯੋਜਨਾ ਮੁਤਾਬਕ ਚੱਲ ਰਿਹਾ ਹੈ। ਇਸ ਲਈ ਮੈਂ 14 ਅਪ੍ਰੈਲ ਨੂੰ ਭਾਰਤ ਜਾਵਾਂਗਾ। ਇਹ ਇਸ ਗੱਲ 'ਤੇ ਵੀ ਨਿਰਭਰ ਕਰੇਗਾ ਕਿ ਅਗਲੇ ਦੋ ਹਫ਼ਤੇ ਮੇਰੇ ਲਈ ਕਿਵੇਂ ਲੰਘਣਗੇ। ਉਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਮੈਂ ਉਸ ਸਮੇਂ ਮੈਚ ਖੇਡਣ ਲਈ ਤਿਆਰ ਨਾ ਹੋਵਾਂ ਪਰ ਉਮੀਦ ਹੈ ਕਿ ਉੱਥੇ ਪਹੁੰਚਣ ਤੋਂ ਬਾਅਦ ਮੈਂ ਇਕ ਹਫਤੇ ਦੇ ਅੰਦਰ ਪੂਰੀ ਫਿਟਨੈੱਸ ਹਾਸਲ ਕਰ ਲਵਾਂਗਾ। ਹੇਜ਼ਲਵੁੱਡ ਨੂੰ ਇਸ ਸੱਟ ਕਾਰਨ ਭਾਰਤ ਵਿੱਚ ਬਾਰਡਰ-ਗਾਵਸਕਰ ਟਰਾਫੀ ਤੋਂ ਬਾਹਰ ਹੋਣਾ ਪਿਆ ਸੀ। ਉਹ ਆਈਪੀਐਲ ਰਾਹੀਂ ਏਸ਼ੇਜ਼ ਲਈ ਆਪਣੀ ਤਿਆਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ, 32 ਸਾਲਾ ਤੇਜ਼ ਗੇਂਦਬਾਜ਼ ਨੂੰ ਭਾਰਤ ਲਈ ਰਵਾਨਾ ਹੋਣ ਲਈ ਕ੍ਰਿਕਟ ਆਸਟਰੇਲੀਆ ਤੋਂ ਅਜੇ ਤੱਕ ਮੈਡੀਕਲ ਮਨਜ਼ੂਰੀ ਪੱਤਰ ਨਹੀਂ ਮਿਲਿਆ ਹੈ।