ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਬੁੱਧਵਾਰ ਨੂੰ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਏਸ਼ੀਆ ਕੱਪ 2023 ਲਈ ਪਾਕਿਸਤਾਨ ਦਾ ਦੌਰਾ ਕਰਨਗੇ। ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਜ਼ਕਾ ਅਸ਼ਰਫ ਨੇ ਹੁਣੇ ਹੀ ਡਰਬਨ ਵਿੱਚ ਮੁਲਾਕਾਤ ਕੀਤੀ ਹੈ ਅਤੇ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ 2023 ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਹੈ।
ਇਕ ਵੈੱਬਸਾਈਟ ਦੀ ਜਾਣਕਾਰੀ ਮੁਤਾਬਕ ਜੈ ਸ਼ਾਹ ਨੇ ਕਿਹਾ, ''ਮੈਂ ਕਿਸੇ ਵੀ ਗੱਲ 'ਤੇ ਸਹਿਮਤ ਨਹੀਂ ਹਾਂ। ਇਹ ਸਿਰਫ਼ ਗਲਤ ਜਾਣਕਾਰੀ ਹੈ। ਇਹ ਸ਼ਾਇਦ ਜਾਣਬੁੱਝ ਕੇ ਜਾਂ ਸ਼ਰਾਰਤ ਨਾਲ ਕੀਤਾ ਗਿਆ ਕੰਮ ਹੈ। ਮੈਂ ਕੋਈ ਦੌਰਾ ਨਹੀਂ ਕਰਾਂਗਾ।
ਡਰਬਨ ਵਿੱਚ ਆਈਸੀਸੀ ਮੀਟਿੰਗ ਦੌਰਾਨ ਮੁਲਾਕਾਤ: ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਬੀਸੀਸੀਆਈ ਦੇ ਸਕੱਤਰ ਸ਼ਾਹ ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਮੁਖੀ ਜ਼ਕਾ ਅਸ਼ਰਫ ਨੇ ਡਰਬਨ ਵਿੱਚ ਚੱਲ ਰਹੀ ਆਈਸੀਸੀ ਮੀਟਿੰਗ ਦੌਰਾਨ ਮੁਲਾਕਾਤ ਕੀਤੀ, ਜਿੱਥੇ ਦੋਵਾਂ ਨੇ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਨਾਲ ਸਬੰਧਤ ਮਾਮਲਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।
ਅਸ਼ਰਫ ਦਾ ਸੱਦਾ ਸਵੀਕਾਰ ਕਰ ਲਿਆ :ਮੀਡੀਆ 'ਚ ਦੱਸਿਆ ਜਾ ਰਿਹਾ ਹੈ ਕਿ ਸ਼ਾਹ ਨੇ ਏਸ਼ੀਆ ਕੱਪ ਮੈਚਾਂ ਲਈ ਗੁਆਂਢੀ ਦੇਸ਼ ਜਾਣ ਦਾ ਅਸ਼ਰਫ ਦਾ ਸੱਦਾ ਸਵੀਕਾਰ ਕਰ ਲਿਆ ਹੈ। ਹਾਲਾਂਕਿ, ਆਈਪੀਐਲ ਦੇ ਚੇਅਰਮੈਨ ਅਤੇ ਆਈਸੀਸੀ ਵਿੱਚ ਬੀਸੀਸੀਆਈ ਦੇ ਸੀਈਸੀ ਪ੍ਰਤੀਨਿਧੀ ਅਰੁਣ ਧੂਮਲ ਨੇ ਵੀ ਅਜਿਹੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਇਸ ਦੌਰਾਨ, ਏਸ਼ੀਆ ਕੱਪ ਟੂਰਨਾਮੈਂਟ ਦਾ 'ਹਾਈਬ੍ਰਿਡ ਪ੍ਰਬੰਧ' ਜਾਰੀ ਰਹੇਗਾ, ਜਿੱਥੇ ਪਾਕਿਸਤਾਨ 4 ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦਕਿ ਸ਼੍ਰੀਲੰਕਾ ਸਾਰੇ ਨਾਕਆਊਟ ਅਤੇ ਫਾਈਨਲ ਸਮੇਤ 9 ਮੈਚਾਂ ਦੀ ਮੇਜ਼ਬਾਨੀ ਕਰੇਗਾ।