ਮੁੰਬਈ:ਰਾਜਸਥਾਨ ਰਾਇਲਜ਼ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਆਈਪੀਐੱਲ 2013 ਦੌਰਾਨ ਵਾਪਰੀ ਇਕ ਘਟਨਾ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਇਕ ਵਾਰ ਇਕ ਸ਼ਰਾਬੀ ਕ੍ਰਿਕਟਰ ਨੇ ਉਸ ਨੂੰ ਹੋਟਲ ਦੀ 15ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਲਟਕਾ ਦਿੱਤਾ, ਜਿਸ ਕਾਰਨ ਉਹ ਘਬਰਾ ਕੇ ਬੇਹੋਸ਼ ਹੋ ਗਿਆ। ਚਾਹਲ ਉਦੋਂ ਮੁੰਬਈ ਇੰਡੀਅਨਜ਼ ਟੀਮ ਦੇ ਨਾਲ ਸਨ।
ਇਸ ਤੋਂ ਬਾਅਦ ਉਹ 2014 ਤੋਂ 2021 ਤੱਕ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਟੀਮ ਵਿੱਚ ਮੌਜੂਦ ਰਹੇ। ਉਸਨੇ ਆਰਸੀਬੀ ਨਾਲ ਲੰਮਾ ਸਮਾਂ ਬਿਤਾਇਆ, ਜੋ ਕਿ ਆਈਪੀਐਲ 2021 ਤੋਂ ਬਾਅਦ ਖਤਮ ਹੋ ਗਿਆ ਅਤੇ ਚਾਹਲ ਹੁਣ ਰਾਜਸਥਾਨ ਰਾਇਲਜ਼ ਨਾਲ ਜੁੜੇ ਹੋਏ ਹਨ।
ਹਾਲਾਂਕਿ ਚਾਹਲ ਨੇ ਖਿਡਾਰੀ ਦਾ ਨਾਂ ਨਹੀਂ ਦੱਸਿਆ ਅਤੇ ਚਾਹਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਸ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਖਿਡਾਰੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
IPL ਫ੍ਰੈਂਚਾਇਜ਼ੀ ਦੁਆਰਾ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਰਾਜਸਥਾਨ ਰਾਇਲਸ ਦੇ ਸਾਥੀ ਰਵੀਚੰਦਰਨ ਅਸ਼ਵਿਨ ਨਾਲ ਗੱਲ ਕਰਦੇ ਹੋਏ, ਚਾਹਲ ਨੇ ਕਿਹਾ ਕਿ ਉਸਨੇ ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਉਹ ਉਸ ਸਮੇਂ ਕਿੰਨਾ ਡਰਿਆ ਹੋਇਆ ਸੀ। ਵਧੇਰੇ ਜਾਣਕਾਰੀ ਦਿੰਦੇ ਹੋਏ ਚਾਹਲ ਨੇ ਦੱਸਿਆ ਕਿ ਮੈਂ ਇਸ ਘਟਨਾ ਨੂੰ ਪਹਿਲਾਂ ਕਦੇ ਕਿਸੇ ਨੂੰ ਨਹੀਂ ਦੱਸਿਆ। ਪਰ ਅੱਜ ਤੋਂ ਹਰ ਕੋਈ ਇਸ ਬਾਰੇ ਜਾਣ ਜਾਵੇਗਾ।
ਉਨ੍ਹਾਂ ਅੱਗੇ ਕਿਹਾ, ਇਹ ਸਾਲ 2013 ਦੀ ਗੱਲ ਹੈ। ਜਦੋਂ ਮੈਂ ਮੁੰਬਈ ਇੰਡੀਅਨਜ਼ ਨਾਲ ਸੀ। ਸਾਡਾ ਬੈਂਗਲੁਰੂ ਵਿੱਚ ਇੱਕ ਮੈਚ ਹੋਣਾ ਸੀ। ਇਸ ਤੋਂ ਬਾਅਦ ਸਾਰੇ ਖਿਡਾਰੀ ਇਕੱਠੇ ਹੋ ਗਏ ਅਤੇ ਪਾਰਟੀ ਦਾ ਆਯੋਜਨ ਕੀਤਾ ਗਿਆ। ਬਹੁਤ ਸਾਰੇ ਅਜਿਹੇ ਖਿਡਾਰੀ ਸਨ ਜੋ ਬਹੁਤ ਜ਼ਿਆਦਾ ਪੀ ਰਹੇ ਸਨ। ਮੈਂ ਉਸਦਾ ਨਾਮ ਨਹੀਂ ਦੱਸਾਂਗਾ। ਉਹ ਖਿਡਾਰੀ ਵੀ ਸ਼ਰਾਬੀ ਸੀ ਅਤੇ ਲਗਾਤਾਰ ਮੈਨੂੰ ਦੇਖ ਰਿਹਾ ਸੀ।
ਉਹ ਕਾਫੀ ਦੇਰ ਤੱਕ ਮੇਰੇ ਵੱਲ ਦੇਖਦਾ ਰਿਹਾ ਅਤੇ ਇਸ ਤੋਂ ਬਾਅਦ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਮੈਨੂੰ ਬਾਹਰ ਲੈ ਕੇ ਹੋਟਲ ਦੀ ਬਾਲਕੋਨੀ ਤੋਂ ਲਟਕਾ ਦਿੱਤਾ, ਤਦ ਅਸੀਂ ਹੋਟਲ ਦੀ 15ਵੀਂ ਮੰਜ਼ਿਲ 'ਤੇ ਸੀ। ਉਨ੍ਹਾਂ ਨੇ ਮੈਨੂੰ ਫੜਿਆ ਹੋਇਆ ਸੀ ਅਤੇ ਜੇ ਮੈਂ ਥੋੜ੍ਹਾ ਜਿਹਾ ਢਿੱਲਾ ਕਰ ਲੈਂਦਾ ਤਾਂ ਮੈਂ ਹੇਠਾਂ ਡਿੱਗ ਸਕਦਾ ਸੀ।
ਉਸ ਨੇ ਅੱਗੇ ਦੱਸਿਆ, ਉਦੋਂ ਬਹੁਤ ਸਾਰੇ ਲੋਕ ਉਥੇ ਆਏ ਅਤੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਹੋਰ ਖਿਡਾਰੀਆਂ ਨੇ ਮੇਰਾ ਹੱਥ ਫੜ ਕੇ ਮੈਨੂੰ ਅੰਦਰ ਕਰ ਦਿੱਤਾ ਅਤੇ ਮੈਂ ਬੇਹੋਸ਼ ਹੋ ਗਿਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਚਹਿਲ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਨਾਂ ਦੱਸਣ ਲਈ ਕਿਹਾ, ਜਿਸ 'ਤੇ ਚਾਹਲ ਨੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ।
ਬੀਸੀਸੀਆਈ ਨੂੰ ਟਵੀਟ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ਚਾਹਲ ਨਾਲ ਹੋਈ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਖਿਡਾਰੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਖਿਡਾਰੀ ਸ਼ਰਾਬੀ ਸੀ ਅਤੇ ਉਥੇ ਕੁਝ ਵੀ ਹੋ ਸਕਦਾ ਸੀ। ਚਾਹਲ ਨੇ ਰਾਜਸਥਾਨ ਰਾਇਲਜ਼ ਲਈ ਹੁਣ ਤੱਕ ਤਿੰਨ ਮੈਚਾਂ ਵਿੱਚ ਸੱਤ ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ:-ਬੈਂਗਲੁਰੂ ਦੇ ਸਕੂਲਾਂ ਨੂੰ ਮਿਲੀਆਂ ਬੰਬ ਦੀ ਧਮਕੀ ਦੀਆਂ ਈਮੇਲਾਂ: ਪੁਲਿਸ ਕਮਿਸ਼ਨਰ