ਨਵੀਂ ਦਿੱਲੀ:ਭਾਰਤ ਦੇ ਸਾਬਕਾ ਕਪਤਾਨ ਐਮ.ਐਸ. ਧੋਨੀ ਆਗਾਮੀ ਟੀ-20 ਵਿਸ਼ਵ ਕੱਪ 2021 ਦੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਮੈਂਟਰ ਵਜੋਂ ਆਪਣੀ ਭੂਮਿਕਾ ਲਈ ਕੋਈ ਫੀਸ ਨਹੀਂ ਲੈਣਗੇ। ਧੋਨੀ ਨੂੰ ਆਗਾਮੀ ਟੀ-20 ਵਿਸ਼ਵ ਕੱਪ ਲਈ ਮੈਂਟਰ ਦੇ ਰੂਪ ਵਜੋਂ ਨਿਯੁਕਤ ਕੀਤਾ ਗਿਆ ਸੀ, ਜੋ 17 ਅਕਤੂਬਰ ਤੋਂ ਓਮਾਨ ਅਤੇ ਯੂਏਈ ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਬੋਰਡ ਧੋਨੀ ਦਾ ਧੰਨਵਾਦੀ ਹੈ ਕਿਉਂਕਿ ਮਹਾਨ ਕ੍ਰਿਕਟਰ ਇਸ ਸਮੇਂ ਦੌਰਾਨ ਟੀਮ ਦੀ ਸੇਵਾ ਕਰਨ ਲਈ ਸਹਿਮਤ ਹੋਏ ਹਨ।
ਇੱਕ ਨਿਊਜ ਚੈਨਲ ਨਾਲ ਗੱਲ ਕਰਦਿਆਂ, ਸ਼ਾਹ ਨੇ ਕਿਹਾ ਕਿ ਦਿੱਗਜ ਆਪਣੀ ਨਵੀਂ ਭੂਮਿਕਾ ਲਈ ਇੱਕ ਪੈਸਾ ਨਹੀਂ ਲੈਣਗੇ। ਸ਼ਾਹ ਨੇ ਕਿਹਾ, "ਐਮਐਸ ਧੋਨੀ ਵਿਸ਼ਵ ਕੱਪ ਦੇ ਦੌਰਾਨ ਭਾਰਤੀ ਟੀਮ ਦੇ ਮੈਂਟਰ ਦੇ ਰੂਪ ਵਿੱਚ ਆਪਣੀ ਭੂਮਿਕਾ ਲਈ ਇੱਕ ਪੈਸਾ ਨਹੀਂ ਲੈਣਗੇ।"