ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਦੇ ਕਪਤਾਨ ਸੂਰਿਆਕੁਮਾਰ ਯਾਦਵ 'ਤੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖਿਲਾਫ ਆਈਪੀਐੱਲ ਮੈਚ ਦੌਰਾਨ ਟੀਮ ਦੀ ਹੌਲੀ ਓਵਰ-ਰੇਟ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਕਪਤਾਨ ਸੂਰਿਆਕੁਮਾਰ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਕਿਉਂਕਿ ਇਹ ਆਈਪੀਐਲ ਦੇ ਜ਼ਾਬਤੇ ਦੇ ਤਹਿਤ ਘੱਟੋ-ਘੱਟ ਓਵਰ-ਰੇਟ ਨਾਲ ਸਬੰਧਤ ਸੀਜ਼ਨ ਦਾ ਉਨ੍ਹਾਂ ਦੀ ਟੀਮ ਦਾ ਪਹਿਲਾ ਅਪਰਾਧ ਸੀ। ਮੁੰਬਈ ਇੰਡੀਅਨਜ਼ ਨੇ ਇਹ ਮੈਚ ਪੰਜ ਵਿਕਟਾਂ ਨਾਲ ਜਿੱਤ ਲਿਆ।
ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਨੂੰ ਵੀ ਲੱਗਾ ਉਲੰਘਣਾ ਉਤੇ ਜੁਰਮਾਨਾ :ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ 'ਤੇ ਮੈਚ ਦੌਰਾਨ ਆਈਪੀਐਲ ਜ਼ਾਬਤੇ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਸੀ। ਰਾਣਾ ਨੇ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.21 ਦੇ ਤਹਿਤ 'ਲੈਵਲ 1' ਦਾ ਜੁਰਮ ਸਵੀਕਾਰ ਕਰ ਲਿਆ ਸੀ। ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਰਿਤਿਕ ਸ਼ੌਕੀਨ 'ਤੇ ਵੀ ਲੀਗ ਦੇ ਜ਼ਾਬਤੇ ਦੀ ਉਲੰਘਣਾ ਕਰਨ 'ਤੇ 10 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਦੱਸ ਦਈਏ ਕਿ ਇਸ ਮੈਚ 'ਚ ਭਾਰਤੀ ਘਰੇਲੂ ਕ੍ਰਿਕਟ ਦੇ ਇਨ੍ਹਾਂ ਦੋ ਖਿਡਾਰੀਆਂ ਦੀ ਆਪਸੀ ਖਹਿਬਾਜ਼ੀ ਵੀ ਦੇਖਣ ਨੂੰ ਮਿਲੀ, ਰਾਣਾ ਸ਼ੋਕੀਨ ਵਿਚਾਲੇ ਗਰਮਾ-ਗਰਮ ਬਹਿਸ ਹੋਈ।