ਨਵੀਂ ਦਿੱਲੀ : ਗੁਜਰਾਤ ਟਾਈਟਨਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਸ਼ੁੱਕਰਵਾਰ ਨੂੰ ਖੇਡੇ ਗਏ ਟਾਟਾ ਆਈਪੀਐੱਲ 2023 ਦੇ ਕੁਆਲੀਫਾਇਰ-2 'ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੇ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੇ ਸੈਸ਼ਨ 'ਚ ਫਾਈਨਲ 'ਚ ਜਗ੍ਹਾ ਬਣਾਈ। ਗੁਜਰਾਤ ਟਾਈਟਨਸ ਲਈ ਸਟਾਰ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਇਸ ਮੈਚ ਦੇ ਹੀਰੋ ਰਹੇ। ਗਿੱਲ ਨੇ ਇਸ ਪਲੇਆਫ ਮੈਚ 'ਚ ਸਿਰਫ 60 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ 129 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਸੀਜ਼ਨ ਦਾ ਇਹ ਉਸ ਦਾ ਤੀਜਾ ਸੈਂਕੜਾ ਸੀ, ਆਪਣੀ ਧਮਾਕੇਦਾਰ ਪਾਰੀ ਨਾਲ ਗਿੱਲ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ।
ਗਿੱਲ ਨੇ ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜਿਆ :ਸ਼ੁਭਮਨ ਗਿੱਲ ਦਾ ਕੁਆਲੀਫਾਇਰ-2 ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ 129 ਦਾ ਸਰਵੋਤਮ ਵਿਅਕਤੀਗਤ ਸਕੋਰ IPL ਪਲੇਆਫ ਵਿੱਚ ਕਿਸੇ ਵੀ ਖਿਡਾਰੀ ਦਾ ਸਰਵੋਤਮ ਵਿਅਕਤੀਗਤ ਸਕੋਰ ਹੈ। ਗਿੱਲ ਨੇ ਵਰਿੰਦਰ ਸਹਿਵਾਗ ਦਾ ਰਿਕਾਰਡ ਤੋੜਿਆ, ਜਿਸ ਨੇ ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਆਈਪੀਐਲ 2014 ਦੇ ਕੁਆਲੀਫਾਇਰ 2 ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ 122 ਦੌੜਾਂ ਬਣਾਈਆਂ ਸਨ। ਸ਼ੇਨ ਵਾਟਸਨ (117*), ਰਿਧੀਮਾਨ ਸਾਹਾ (115*) ਅਤੇ ਮੁਰਲੀ ਵਿਜੇ (113) ਦਾ ਨਾਂ ਵੀ ਆਈਪੀਐਲ ਪਲੇਆਫ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੈ।