ਕੋਲਕਾਤਾ : ਬੰਗਾਲ ਅਤੇ ਸੌਰਾਸ਼ਟਰ ਵਿਚਾਲੇ ਈਡਨ ਗਾਰਡਨ ਮੈਦਾਨ 'ਤੇ ਖੇਡੇ ਜਾ ਰਹੇ ਰਣਜੀ ਟਰਾਫੀ ਦੇ ਫਾਈਨਲ ਮੈਚ 'ਚ ਸੌਰਾਸ਼ਟਰ ਦੀ ਟੀਮ ਨੇ ਬੰਗਾਲ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੈਚ 'ਚ ਜਿੱਤ ਤੋਂ ਬਾਅਦ ਸੌਰਾਸ਼ਟਰ ਦੀ ਟੀਮ ਰਣਜੀ ਦੀ ਚੈਂਪੀਅਨ ਬਣ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 2019-20 ਦੇ ਫਾਈਨਲ ਵਿੱਚ ਵੀ ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ ਸਨ ਅਤੇ ਸੌਰਾਸ਼ਟਰ ਨੇ ਬੰਗਾਲ ਨੂੰ ਹਰਾ ਕੇ ਟੂਰਨਾਮੈਂਟ ਜਿੱਤਿਆ ਸੀ।
ਬੰਗਾਲ ਦੀ ਟੀਮ ਨੇ ਇਸ ਰਣਜੀ ਟਰਾਫੀ ਫਾਈਨਲ ਮੈਚ ਵਿੱਚ ਪਹਿਲੀ ਪਾਰੀ ਵਿੱਚ 174 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਸੌਰਾਸ਼ਟਰ ਦੀ ਟੀਮ ਨੇ ਪਹਿਲੀ ਪਾਰੀ ਵਿੱਚ 404 ਦੌੜਾਂ ਬਣਾ ਕੇ ਵੱਡੀ ਬੜ੍ਹਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਬੰਗਾਲ ਦੀ ਟੀਮ ਦੂਜੀ ਪਾਰੀ ਵਿੱਚ ਸਿਰਫ਼ 241 ਦੌੜਾਂ ਬਣਾ ਕੇ ਆਊਟ ਹੋ ਗਈ। ਦੂਜੀ ਪਾਰੀ ਵਿੱਚ ਸੌਰਾਸ਼ਟਰ ਦੀ ਟੀਮ ਨੂੰ ਸਿਰਫ਼ 12 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਸੌਰਾਸ਼ਟਰ ਦੀ ਟੀਮ ਨੇ 1 ਵਿਕਟ ਗੁਆ ਕੇ ਹਾਸਲ ਕਰ ਲਿਆ।
ਜੈਦੇਵ ਉਨਾਦਕਟ ਨੇ ਰਣਜੀ ਟਰਾਫੀ ਦੇ ਫਾਈਨਲ ਮੈਚ ਵਿੱਚ ਕਪਤਾਨੀ ਦੀ ਭੂਮਿਕਾ ਨਿਭਾਈ ਸੀ। ਉਸ ਨੇ ਪਹਿਲੀ ਪਾਰੀ 'ਚ ਬੰਗਾਲ ਦੇ 3 ਖਿਡਾਰੀਆਂ ਨੂੰ ਆਊਟ ਕੀਤਾ, ਜਦਕਿ ਦੂਜੀ ਪਾਰੀ 'ਚ 6 ਵਿਕਟਾਂ ਲਈਆਂ। ਇਸ ਤਰ੍ਹਾਂ ਉਸ ਨੇ ਪੂਰੇ ਮੈਚ 'ਚ 9 ਖਿਡਾਰੀਆਂ ਨੂੰ ਆਊਟ ਕਰਕੇ ਟੀਮ ਨੂੰ ਚੈਂਪੀਅਨ ਬਣਾਉਣ 'ਚ ਮਦਦ ਕੀਤੀ। ਬੰਗਾਲ ਲਈ ਪਹਿਲੀ ਪਾਰੀ ਵਿੱਚ ਸ਼ਾਹਬਾਜ਼ ਅਹਿਮਦ (69) ਅਤੇ ਅਭਿਸ਼ੇਕ ਪੋਰਲ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।
ਇਸ ਦੇ ਨਾਲ ਹੀ ਦੂਜੀ ਪਾਰੀ ਵਿੱਚ ਅਨੁਸਤਪ ਮਜੂਮਦਾਰ (61) ਅਤੇ ਮਨੋਜ ਤਿਵਾਰੀ (68) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਪਹਿਲੀ ਪਾਰੀ ਵਿੱਚ ਸੌਰਾਸ਼ਟਰ ਲਈ ਅਰਪਿਤ ਵਸਾਵੜਾ (81) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਤਿਵਾੜੀ ਤੋਂ ਇਲਾਵਾ ਚਿਰਾਗ ਜਾਨੀ, ਸ਼ੈਲਡਨ ਜੈਕਸਨ ਅਤੇ ਹਾਰਵਿਕ ਦੇਸਾਈ ਨੇ ਵੀ ਸ਼ਾਨਦਾਰ ਪਾਰੀਆਂ ਖੇਡੀਆਂ। ਜਿਸ ਕਾਰਨ ਬੰਗਾਲ ਨੂੰ ਲਤਾੜ ਕੇ ਸੌਰਾਸ਼ਟਰ ਚੈਂਪੀਅਨ ਬਣਿਆ।
ਇਹ ਵੀ ਪੜ੍ਹੋ:IND vs AUS: ਆਸਟ੍ਰੇਲੀਆ ਖਿਲਾਫ ਆਖਰੀ ਦੋ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ