ਜੈਪੁਰ:ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਯਸ਼ਸਵੀ ਜੈਸਵਾਲ ਅਤੇ ਧਰੁਵ ਜੁਰੇਲ ਵਰਗੇ ਨੌਜਵਾਨਾਂ ਨੂੰ ਤਿਆਰ ਕਰਨ 'ਚ ਟੀਮ ਪ੍ਰਬੰਧਨ ਅਤੇ ਸਹਿਯੋਗੀ ਸਟਾਫ ਦੀ ਸਖਤ ਮਿਹਨਤ ਨੂੰ ਜਿੱਤ ਦਾ ਸਿਹਰਾ ਦਿੱਤਾ। ਰਾਜਸਥਾਨ ਰਾਇਲਜ਼ ਦੇ ਨੌਜਵਾਨ ਖਿਡਾਰੀਆਂ ਨੇ ਚੇਨਈ ਸੁਪਰ ਕਿੰਗਜ਼ ਖਿਲਾਫ 32 ਦੌੜਾਂ ਦੀ ਜਿੱਤ 'ਚ ਮਹੱਤਵਪੂਰਨ ਯੋਗਦਾਨ ਦਿੱਤਾ। ਮੈਚ ਜਿੱਤ ਕੇ ਸਿਖਰ 'ਤੇ ਪਹੁੰਚਣ ਤੋਂ ਬਾਅਦ ਕਪਤਾਨ ਨੇ ਖਿਡਾਰੀਆਂ ਦੇ ਨਾਲ-ਨਾਲ ਸਹਿਯੋਗੀ ਸਟਾਫ਼ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ, ਜਿਸ ਦੀ ਬਦੌਲਤ ਇਹ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ |
ਚੇਨਈ ਨੂੰ ਮਾਤ ਦੇਕੇ ਪਹੁੰਚੇ ਸਿਖ਼ਰ ਉੱਤੇ:ਜੈਸਵਾਲ ਨੇ 43 ਗੇਂਦਾਂ ਵਿੱਚ 77 ਦੌੜਾਂ ਦਾ ਆਪਣਾ ਸਰਵੋਤਮ ਆਈਪੀਐਲ ਸਕੋਰ ਬਣਾਇਆ ਜਦੋਂ ਕਿ ਜੁਰੇਲ ਨੇ 15 ਗੇਂਦਾਂ ਵਿੱਚ 34 ਦੌੜਾਂ ਬਣਾਈਆਂ। ਰਾਜਸਥਾਨ ਨੇ ਵੀਰਵਾਰ ਰਾਤ ਨੂੰ 20 ਓਵਰਾਂ 'ਚ ਪੰਜ ਵਿਕਟਾਂ 'ਤੇ 202 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਰਾਜਸਥਾਨ ਨੇ ਇਸ ਤੋਂ ਬਾਅਦ ਚੇਨਈ ਨੂੰ ਛੇ ਵਿਕਟਾਂ 'ਤੇ 170 ਦੌੜਾਂ 'ਤੇ ਰੋਕ ਦਿੱਤਾ। ਐਡਮ ਜ਼ਾਂਪਾ ਨੇ 22 ਦੌੜਾਂ ਦੇ ਕੇ ਤਿੰਨ ਅਤੇ ਰਵੀਚੰਦਰਨ ਅਸ਼ਵਿਨ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਜਿੱਤ ਨਾਲ ਰਾਜਸਥਾਨ ਪੰਜ ਜਿੱਤਾਂ ਦੇ ਨਾਲ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਿਆ ਹੈ, ਜਦ ਕਿ ਪੰਜ ਹੀ ਜਿੱਤਾਂ ਦਰਜ ਕਰਨ ਵਾਲੀ ਚੇਨਈ ਤੀਜੇ ਸਥਾਨ ’ਤੇ ਖਿਸਕ ਗਈ ਹੈ।