ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਦਾ 31ਵਾਂ ਮੈਚ ਪੰਜਾਬ ਕਿੰਗਜ਼ ਦੇ ਨਾਮ ਰਿਹਾ। ਇਸ ਦੇ ਲਈ ਪੰਜਾਬ ਕਿੰਗਜ਼ ਦੇ ਕਪਤਾਨ ਸੈਮ ਕਰਨ ਨੂੰ ਪਲੇਅਰ ਆਫ ਦਾ ਮੈਚ ਦਾ ਖਿਤਾਬ ਵੀ ਦਿੱਤਾ ਗਿਆ। ਇਸ ਜਿੱਤ ਤੋਂ ਬਾਅਦ ਸੈਮ ਕਰਨ ਨੇ ਮੁੰਬਈ ਇੰਡੀਅਨਜ਼ ਦੀ ਹਾਰ ਦਾ ਮੁੱਖ ਕਾਰਨ ਦੱਸਿਆ ਹੈ। ਉਸ ਨੇ ਕਿਹਾ ਕਿ ਸੂਰਿਆਕੁਮਾਰ ਯਾਦਵ ਦੇ ਆਊਟ ਹੋਣ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਮੁੰਬਈ ਦੀ ਟੀਮ ਨੂੰ ਹੋਇਆ। ਸੂਰਿਆ ਦੇ ਪੈਵੇਲੀਅਨ ਪਰਤਣ ਤੋਂ ਬਾਅਦ ਜੋ ਵੀ ਬੱਲੇਬਾਜ਼ ਕ੍ਰੀਜ਼ 'ਤੇ ਆ ਰਹੇ ਸਨ। ਉਹ ਦਬਾਅ ਨੂੰ ਸੰਭਾਲ ਨਹੀਂ ਪਾ ਰਹੇ ਸੀ। ਇਸ ਕਾਰਨ ਮੁੰਬਈ ਇੰਡੀਅਨਜ਼ ਨੇ ਆਖਰੀ 5 ਓਵਰਾਂ 'ਚ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ। ਅਰਸ਼ਦੀਪ ਸਿੰਘ ਨੇ ਆਖਰੀ ਓਵਰ ਦੀਆਂ 2 ਗੇਂਦਾਂ 'ਤੇ ਲਗਾਤਾਰ 2 ਵਿਕਟਾਂ ਲੈ ਕੇ ਮੁੰਬਈ ਨੂੰ ਜਿੱਤਣ ਤੋਂ ਰੋਕ ਦਿੱਤਾ।
ਸੂਰਿਆ ਦਾ ਆਊਟ ਹੋਣਾ ਮੁੰਬਈ 'ਤੇ ਪਿਆ ਭਾਰੀ:31ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦੀ ਪਾਰੀ ਦੌਰਾਨ ਸੂਰਿਆਕੁਮਾਰ ਯਾਦਵ 17.4 ਓਵਰਾਂ ਵਿੱਚ ਟੀਮ ਦੇ ਚੌਥੇ ਵਿਕਟ ਦੇ ਰੂਪ ਵਿੱਚ ਆਊਟ ਹੋ ਗਏ। ਅਰਸ਼ਦੀਪ ਸਿੰਘ ਦੀ ਗੇਂਦ 'ਤੇ ਸੂਰਿਆ ਦੇ ਸ਼ਾਟ ਨੂੰ ਅਥਰਵ ਟੇਡੇ ਨੇ ਕੈਚ ਕਰ ਲਿਆ ਸੀ। ਸੂਰਿਆ ਨੇ 26 ਗੇਂਦਾਂ 'ਤੇ 57 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਪਰ ਇਸ ਤੋਂ ਬਾਅਦ ਜੋ ਵੀ ਬੱਲੇਬਾਜ਼ੀ ਲਈ ਆਇਆ ਉਹ ਕ੍ਰੀਜ਼ 'ਤੇ ਨਹੀਂ ਟਿਕ ਸਕਿਆ। ਇਸ ਤੋਂ ਬਾਅਦ 19.3 ਓਵਰਾਂ 'ਚ ਤਿਲਕ ਵਰਮਾ ਦੇ ਰੂਪ 'ਚ ਮੁੰਬਈ ਇੰਡੀਅਨਜ਼ ਨੂੰ ਪੰਜਵਾਂ ਝਟਕਾ ਲੱਗਾ। ਤਿਲਕ ਵਰਮਾ ਨੇ 3 ਦੌੜਾਂ ਹੀ ਬਣਾਈਆਂ ਸਨ ਕਿ ਅਰਸ਼ਦੀਪ ਨੇ ਉਸ ਨੂੰ ਪੈਵੇਲੀਅਨ ਭੇਜ ਦਿੱਤਾ। ਇਸ ਓਵਰ ਦੀ ਅਗਲੀ ਗੇਂਦ 'ਤੇ ਅਰਸ਼ਦੀਪ ਨੇ ਨੇਹਾਲ ਵਢੇਰਾ ਨੂੰ ਆਪਣਾ ਸ਼ਿਕਾਰ ਬਣਾਇਆ। 19.4 ਓਵਰਾਂ ਵਿੱਚ ਨੇਹਲ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤਰ੍ਹਾਂ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੇ 6 ਵਿਕਟਾਂ ਦੇ ਨੁਕਸਾਨ ਦੇ ਨਾਲ ਮੁੰਬਈ ਟੀਮ ਨੂੰ 201 ਦੇ ਸਕੋਰ 'ਤੇ ਹੀ ਰੋਕ ਦਿੱਤਾ ਜਦਕਿ ਮੁੰਬਈ ਨੂੰ ਜਿੱਤ ਲਈ 215 ਦੌੜਾਂ ਬਣਾਉਣੀਆਂ ਸੀ।