ਨਵੀਂ ਦਿੱਲੀ:IPL 2023 ਦਾ ਉਤਸ਼ਾਹ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਤਾਂ ਦੂਜੇ ਪਾਸੇ ਇਹ ਸੱਟੇਬਾਜ਼ਾਂ ਲਈ ਕਮਾਈ ਦਾ ਸਾਧਨ ਬਣ ਗਿਆ ਹੈ। ਸਖ਼ਤੀ ਦੇ ਬਾਵਜੂਦ ਸੱਟੇਬਾਜ਼ਾਂ ਦੇ ਹੌਂਸਲੇ ਬੁਲੰਦ ਹਨ ਅਤੇ ਇਸ ਟੂਰਨਾਮੈਂਟ ਵਿੱਚ ਸੱਟੇਬਾਜ਼ੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ IPL 'ਚ ਮੈਚ ਫਿਕਸਿੰਗ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸਿਰਾਜ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੂੰ ਮੈਚ 'ਚ ਸੱਟੇਬਾਜ਼ੀ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ। ਉਸ ਨੇ ਇੱਥੋਂ ਤੱਕ ਕਿਹਾ ਹੈ ਕਿ ਅਜਿਹੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨਾਲ ਸੰਪਰਕ ਵੀ ਕੀਤਾ ਸੀ।
ਸਿਰਾਜ ਨੂੰ ਫੋਨ ਕਰਕੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼: ਮੁਹੰਮਦ ਸਿਰਾਜ ਨੇ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੂੰ ਦੱਸਿਆ ਕਿ ਕਿਸੇ ਨੇ ਉਸ ਨਾਲ ਸੰਪਰਕ ਕੀਤਾ ਸੀ। ਉਹ ਅਣਪਛਾਤਾ ਵਿਅਕਤੀ ਸਿਰਾਜ ਤੋਂ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੀ ਅੰਦਰੂਨੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਸਿਰਾਜ ਨੂੰ ਦੱਸਿਆ ਸੀ ਕਿ ਪਿਛਲੇ ਆਈਪੀਐਲ 2022 ਵਿੱਚ ਉਹ ਆਰਸੀਬੀ 'ਤੇ ਪੈਸੇ ਲਗਾ ਕੇ ਸੱਟੇਬਾਜ਼ੀ ਵਿੱਚ ਹਾਰ ਗਿਆ ਸੀ। ਇਸ ਲਈ ਸਿਰਾਜ ਤੋਂ ਜਾਣਨਾ ਚਾਹੁੰਦੇ ਸਨ ਕਿ ਇਸ ਵਾਰ ਟੀਮ ਦੀ ਯੋਜਨਾ ਕੀ ਹੋਵੇਗੀ। ਇਸ ਤੋਂ ਬਾਅਦ ਸਿਰਾਜ ਨੇ ਇਸ ਬਾਰੇ ਏ.ਸੀ.ਯੂ. ਨੂੰ ਦੱਸਿਆ। ਪੀਟੀਆਈ ਭਾਸ਼ਾ ਦੀਆਂ ਰਿਪੋਰਟਾਂ ਮੁਤਾਬਕ, ਮੁਹੰਮਦ ਸਿਰਾਜ ਨਾਲ ਕਿਸੇ ਅਣਪਛਾਤੇ ਵਿਅਕਤੀ ਦੀ ਫ਼ੋਨ 'ਤੇ ਗੱਲਬਾਤ ਹੋਈ ਸੀ।