ਮੁੰਬਈ:ਇੰਡੀਅਨ ਪ੍ਰੀਮੀਅਰ ਲੀਗ 2023 ਦਾ 31ਵਾਂ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਬਨਾਮ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਗਿਆ। ਮੁੰਬਈ ਇੰਡੀਅਨਜ਼ ਅੰਕ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ। ਮੁੰਬਈ ਨੇ ਹੁਣ ਤੱਕ 5 ਮੈਚ ਖੇਡੇ ਹਨ ਜਿਨ੍ਹਾਂ 'ਚ 3 ਜਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਆਪਣੇ 6 ਮੈਚ ਖੇਡੇ ਹਨ ਜਿਸ 'ਚ ਉਹ 3 ਜਿੱਤਾਂ ਨਾਲ ਸੱਤਵੇਂ ਸਥਾਨ 'ਤੇ ਹੈ। ਪੰਜਾਬ ਦੀ ਕਪਤਾਨੀ ਸੈਮ ਕਰਮ ਕੋਲ ਸੀ। ਕਿਉਂਕਿ ਸ਼ਿਖਰ ਧਵਨ ਮੋਢੇ ਦੀ ਸੱਟ ਕਾਰਨ ਜ਼ਖਮੀ ਚੱਲ ਰਹੇ ਹਨ। ਜਦਕਿ ਦੂਜੇ ਪਾਸੇ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰ ਰਹੇ ਸਨ। ਇਸ ਰੌਮਾਂਚਕ ਮੈਚ ਵਿੱਚ ਪੰਜਾਬ ਨੇ 13 ਦੌੜਾਂ ਦੇ ਫਰਕ ਨਾਲ ਮੁੰਬਈ ਕੋਲੋਂ ਜਿੱਤ ਦਾ ਖਿਤਾਬ ਖੋਹ ਕੇ ਆਪਣੇ ਨਾਂ ਕੀਤਾ ਹੈ।
ਅਰਸ਼ਦੀਪ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ : ਆਖਰੀ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾਂ ਟਿਮ ਡੇਵਿਡ ਤੇ ਫਿਰ ਨੇਹਲ ਵਢੇਰਾ ਦੀ ਵਿਕਟ ਲੈ ਕੇ ਮੁੰਬਈ ਇੰਡੀਅਨਜ਼ ਦੀਆਂ ਜਿੱਤਣ ਦੀਆਂ ਉਮੀਦਾਂ ਲਗਭਗ ਖਤਮ ਕਰ ਦਿੱਤੀਆਂ ਸਨ। ਹਾਲਾਂਕਿ ਗ੍ਰੀਨ ਤੇ ਸੂਰੀਆਕੁਮਾਰ ਦੀ ਸ਼ਾਨਦਾਰ ਪਾਰੀ ਵੀ ਮੁੰਬਈ ਨੂੰ ਜਿੱਤ ਦਿਵਾਉਣ ਵਿੱਚ ਕੰਮ ਨਹੀਂ ਆਈ। ਮੈਚ ਵਿੱਚ ਆਖਰੀ ਓਵਰ ਤਕ ਰੌਮਾਂਚ ਬਣਿਆ ਰਿਹਾ। ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪੰਜਾਬ ਨੇ ਮੈਚ ਨੂੰ ਸਰ ਕੀਤਾ।
ਪੰਜਾਬ ਦੀ ਪਾਰੀ :ਟਾਸ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕੈਮਰਨ ਗ੍ਰੀਨ ਨੇ ਸ਼ਾਰਟ ਨੂੰ ਆਊਟ ਕਰਕੇ ਪੰਜਾਬ ਦੇ ਸਕੋਰ 18 ਨੂੰ ਪਹਿਲਾ ਝਟਕਾ ਦਿੱਤਾ। ਇਸ ਤੋਂ ਬਾਅਦ ਪ੍ਰਭਸਿਮਰਨ ਅਤੇ ਅਥਰਵ ਤਾਏ ਦੀ ਸਾਂਝੇਦਾਰੀ ਵਧਦੀ-ਫੁੱਲਦੀ ਰਹੀ। ਅਰਜੁਨ ਤੇਂਦੁਲਕਰ ਨੇ ਪ੍ਰਭਸਿਮਰਨ ਨੂੰ ਆਊਟ ਕਰਕੇ ਮੁੰਬਈ ਨੂੰ ਇਕ ਹੋਰ ਸਫਲਤਾ ਦਿਵਾਈ। ਲਿਵਿੰਗਸਟੋਨ ਜ਼ਿਆਦਾ ਕੁਝ ਨਹੀਂ ਕਰ ਸਕਿਆ ਅਤੇ 10 ਦੇ ਨਿੱਜੀ ਸਕੋਰ 'ਤੇ ਪੀਯੂਸ਼ ਚਾਵਲਾ ਦਾ ਸ਼ਿਕਾਰ ਬਣ ਗਿਆ। ਪਿਊਸ਼ ਚਾਵਲਾ ਨੇ ਉਸੇ ਓਵਰ 'ਚ ਟੇਡੇ ਨੂੰ ਆਊਟ ਕਰਕੇ ਪੰਜਾਬ ਨੂੰ ਬੈਕਫੁੱਟ 'ਤੇ ਲਿਆ ਦਿੱਤਾ।
ਇਸ ਤੋਂ ਬਾਅਦ ਕਪਤਾਨ ਸੈਮ ਕਰਨ ਅਤੇ ਹਰਪ੍ਰੀਤ ਭਾਟੀਆ ਨੇ ਹੌਲੀ ਖੇਡਦੇ ਹੋਏ ਸਾਂਝੇਦਾਰੀ ਕੀਤੀ। ਦੋਵਾਂ ਨੇ ਮਿਲ ਕੇ ਟੀਮ ਦਾ ਸਕੋਰ 150 ਤੱਕ ਪਹੁੰਚਾਇਆ। ਹਰਪ੍ਰੀਤ ਬਦਕਿਸਮਤ ਰਿਹਾ ਕਿਉਂਕਿ ਉਹ 41 ਦੌੜਾਂ ਬਣਾ ਕੇ ਆਊਟ ਹੋ ਗਿਆ ਪਰ ਕਪਤਾਨ ਸੈਮ ਕਰਨ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ 27 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕਰਨ ਨੇ 29 ਗੇਂਦਾਂ 'ਤੇ 55 ਦੌੜਾਂ ਬਣਾਈਆਂ। ਅੰਤ 'ਚ ਜਿਤੇਸ਼ ਸ਼ਰਮਾ ਨੇ 7 ਗੇਂਦਾਂ 'ਤੇ 25 ਦੌੜਾਂ ਬਣਾਈਆਂ, ਜਿਸ ਨਾਲ ਟੀਮ ਦਾ ਸਕੋਰ 200 ਦੇ ਪਾਰ ਪਹੁੰਚ ਗਿਆ। ਪੰਜਾਬ ਨੇ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਬਣਾਈਆਂ।