ਮੁੰਬਈ: ਟਾਟਾ IPL 2023 ਦਾ 12ਵਾਂ ਮੈਚ ਵਾਨਖੇੜੇ ਸਟੇਡੀਅਮ ਮੁੰਬਈ 'ਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਦੋਵਾਂ ਟੀਮਾਂ ਦੇ ਇਸ ਸੀਜ਼ਨ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ IPL 2023 ਦੇ ਸ਼ੁਰੂਆਤੀ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਗੁਜਰਾਤ ਟਾਈਟਨਸ ਨੇ ਹਰਾਇਆ ਸੀ, ਪਰ ਆਪਣੇ ਦੂਜੇ ਮੈਚ ਵਿੱਚ ਚੇਨਈ ਨੇ ਲਖਨਊ ਸੁਪਰ ਜਾਇੰਟਸ ਨੂੰ 12 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ ਜੇਕਰ ਮੁੰਬਈ ਇੰਡੀਅਨਜ਼ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਇੱਕੋ ਇੱਕ ਮੈਚ ਖੇਡਿਆ ਹੈ ਜਿਸ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਉਨ੍ਹਾਂ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਮੁੰਬਈ ਅਤੇ ਚੇਨਈ ਵਿਚਾਲੇ ਹਮੇਸ਼ਾ ਹੀ ਸਖਤ ਮੁਕਾਬਲਾ ਹੁੰਦਾ ਹੈ। ਇਹ ਮੁਕਾਬਲਾ ਵੀ ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਰਿਹਾ। ਹਾਲਾਂਕਿ ਇਸ ਮੈਚ ਵਿੱਚ ਰਹਾਣੇ ਨੇ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ। ਚੇਨਈ ਨੇ ਇਹ ਮੈਚ ਰਹਾਣੇ ਤੇ ਜਡੇਜਾ ਦੀ ਅਗਵਾਈ ਵਿੱਚ ਜਿੱਤਿਆ ਹੈ। ਇਸ ਮੈਚ ਵਿੱਚ ਚੇਨਈ ਨੇ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ ਹੈ।
ਰਹਾਣੇ ਨੇ 19 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ :ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ। ਮੁੰਬਈ ਇੰਡੀਅਨਜ਼ ਵੱਲੋਂ ਦਿੱਤੇ 158 ਦੌੜਾਂ ਦੇ ਟੀਚੇ ਨੂੰ ਚੇਨਈ ਸੁਪਰ ਕਿੰਗਜ਼ ਨੇ 11 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ 159 ਦੌੜਾਂ ਬਣਾ ਕੇ ਹਾਸਲ ਕਰ ਲਿਆ। ਚੇਨਈ ਸੁਪਰ ਕਿੰਗਜ਼ ਦੇ ਤਜਰਬੇਕਾਰ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ ਨੇ 19 ਗੇਂਦਾਂ ਵਿੱਚ ਅਰਧ ਸੈਂਕੜਾ ਬਣਾ ਕੇ IPL 2023 ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ। ਰਹਾਣੇ ਨੇ 27 ਗੇਂਦਾਂ 'ਤੇ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰਹਾਣੇ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 3 ਛੱਕੇ ਲਗਾਏ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਨੇ ਵੀ ਮੈਚ ਵਿੱਚ 3 ਵਿਕਟਾਂ ਲਈਆਂ।
ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਿਰਾਸ਼ : ਇਸ ਮੈਚ 'ਚ ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਹੈ। ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ਾਂ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੁੰਬਈ ਦੀ ਟੀਮ ਨੂੰ 157 ਦੌੜਾਂ ਦੇ ਸਕੋਰ ਤੱਕ ਹੀ ਰੋਕ ਦਿੱਤਾ। ਮੁੰਬਈ ਇੰਡੀਅਨਜ਼ ਵੱਲੋਂ ਈਸ਼ਾਨ ਕਿਸ਼ਨ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟਿਮ ਡੇਵਿਡ ਨੇ ਵੀ 31 ਦੌੜਾਂ ਦੀ ਪਾਰੀ ਖੇਡੀ। CSK ਵੱਲੋਂ ਰਵਿੰਦਰ ਜਡੇਡਾ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ। ਮਿਸ਼ੇਲ ਸੈਂਟਨਰ ਅਤੇ ਤੁਸ਼ਾਰ ਦੇਸ਼ਪਾਂਡੇ ਨੇ ਵੀ 2-2 ਵਿਕਟਾਂ ਲਈਆਂ।