ਨਵੀਂ ਦਿੱਲੀ: ਟੀਮ ਦੇ ਗੇਂਦਬਾਜ਼ ਪਿਊਸ਼ ਚਾਵਲਾ ਨੇ ਆਈ.ਪੀ.ਐੱਲ. 2023 ਟੂਰਨਾਮੈਂਟ 'ਚ ਮੁੰਬਈ ਇੰਡੀਅਨਜ਼ ਨੂੰ ਪਹਿਲੀ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਇਸ ਆਈਪੀਐਲ ਦੇ 16ਵੇਂ ਮੈਚ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਪਿਊਸ਼ ਨੇ ਮੁੰਬਈ ਦੇ ਤੀਜੇ ਮੈਚ 'ਚ ਦਿੱਲੀ ਕੈਪੀਟਲਸ ਖਿਲਾਫ ਹਮਲਾਵਰ ਗੇਂਦਬਾਜ਼ੀ ਕੀਤੀ, ਜਿਸ ਕਾਰਨ ਦਿੱਲੀ ਟੀਮ ਦੇ ਬੱਲੇਬਾਜ਼ ਉਸ ਦੇ ਅੱਗੇ ਝੁੱਕ ਗਏ। 11 ਅਪ੍ਰੈਲ ਨੂੰ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਪਿਊਸ਼ ਨੇ ਦਿੱਲੀ ਫ੍ਰੈਂਚਾਈਜ਼ੀ ਖਿਲਾਫ 4 ਓਵਰ ਸੁੱਟੇ। ਉਸ ਨੇ 22 ਦੌੜਾਂ ਖਰਚ ਕਰਕੇ ਦਿੱਲੀ ਦੇ 3 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਕਾਰਨ ਮੁੰਬਈ ਦੀ ਜਿੱਤ ਦਾ ਰਾਹ ਆਸਾਨ ਹੋ ਗਿਆ। ਮੁੰਬਈ ਇੰਡੀਅਨਜ਼ ਦੇ ਇਹ ਮੈਚ ਜਿੱਤਣ ਤੋਂ ਬਾਅਦ ਟੀਮ ਦੀ ਆਨਰ ਨੀਤਾ ਅੰਬਾਨੀ ਨੇ ਸਾਰੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ।
ਮੁੰਬਈ ਫਰੈਂਚਾਇਜ਼ੀ ਦੀ ਮਾਲਕ ਨੀਤਾ ਅੰਬਾਨੀ ਨੇ ਆਈਪੀਐੱਲ ਦੇ ਇਸ ਸੀਜ਼ਨ ਵਿੱਚ ਟੀਮ ਦੀ ਪਹਿਲੀ ਜਿੱਤ ਉੱਤੇ ਖੁਸ਼ੀ ਜਤਾਈ ਹੈ। ਇਸ ਦਾ ਇੱਕ ਵੀਡੀਓ ਮੁੰਬਈ ਇੰਡੀਅਨਜ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਨੀਤਾ ਅੰਬਾਨੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਨੀਤਾ ਅੰਬਾਨੀ ਪਿਊਸ਼ ਚਾਵਲਾ ਨੂੰ ਡ੍ਰੈਸਿੰਗ ਰੂਮ ਪਲੇਅਰ ਆਫ ਦਿ ਮੈਚ ਦੇ ਐਵਾਰਡ ਦਾ ਐਲਾਨ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਸਮੇਤ ਟੀਮ ਦੇ ਸਾਰੇ ਖਿਡਾਰੀਆਂ ਨੇ ਤਾੜੀਆਂ ਵਜਾ ਕੇ ਪੀਯੂਸ਼ ਚਾਵਲਾ ਨੂੰ ਚੀਅਰ ਕੀਤਾ।