ਦੁਬਈ: ਵੈਂਕਟੇਸ਼ ਅੱਯਰ (67) ਦੀ ਹਾਫ ਸੈਂਚੁਰੀ ਪਾਰੀ ਦੇ ਦਮ 'ਤੇ ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਨੇ ਇਥੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਜਾ ਰਹੇ ਆਈ.ਪੀ.ਐੱਲ. 2021 ਦੇ 45ਵੇਂ ਮੁਕਾਬਲੇ ਵਿਚ ਪੰਜਾਬ ਕਿੰਗਜ਼ ਇਲੈਵਨ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਕੇ.ਕੇ.ਆਰ. ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 7 ਵਿਕਟਾਂ 'ਤੇ 165 ਦੌੜਾਂ ਬਣਾਈਆਂ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ ਤਿੰਨ, ਰਵੀ ਬਿਸ਼ਨੋਈ ਨੇ ਦੋ ਜਦੋਂ ਕਿ ਮੁਹੰਮਦ ਸ਼ਮੀ ਨੇ ਇਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਕੇ.ਕੇ.ਆਰ. ਦੀ ਖਰਾਬ ਸ਼ੁਰੂਆਤ ਰਹੀ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 7 ਦੌੜਾਂ ਬਣਾ ਕੇ ਆਊਟ ਹੋ ਗਏ। ਗਿੱਲ ਨੂੰ ਅਰਸ਼ਦੀਪ ਨੇ ਬੋਲਡ ਕਰ ਕੇ ਪਵੇਲੀਅਨ ਭੇਜਿਆ। ਗਿੱਲ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਾਹੁਲ ਤ੍ਰਿਪਾਠੀ ਨੇ ਸਲਾਮੀ ਬੱਲੇਬਾਜ਼ ਅੱਯਰ ਦਾ ਸਾਥ ਦਿੱਤਾ ਅਤੇ ਦੋਹਾਂ ਵਿਚਾਲੇ ਤੀਜੀ ਵਿਕਟ ਲਈ 55 ਦੌੜਾਂ ਵਿਚੋਂ 72 ਦੌੜਾਂ ਦੀ ਭਾਈਵਾਲੀ ਹੋਈ।
ਦੋਵੇਂ ਬੱਲੇਬਾਜ਼ ਕੇ.ਕੇ.ਆਰ ਨੂੰ ਵੱਡੇ ਟੀਚੇ ਵੱਲ ਲਿਜਾ ਰਹੇ ਸਨ ਤਾਂ ਉਸੇ ਵੇਲੇ ਬਿਸ਼ਨੋਈ ਨੇ ਤ੍ਰਿਪਾਠੀ ਨੂੰ ਆਊਟ ਕਰ ਇਸ ਵੱਧਦੀ ਭਾਈਵਾਲੀ ਨੂੰ ਤੋੜ ਦਿੱਤਾ। ਤ੍ਰਿਪਾਠੀ ਨੇ 26 ਗੇਂਦਾਂ ਵਿਚ 3 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ।