ਨਵੀਂ ਦਿੱਲੀ:ਖ਼ਰਾਬ ਮੌਸਮ ਅਤੇ ਭਾਰੀ ਮੀਂਹ ਕਾਰਨ ਐਤਵਾਰ 28 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ 2023 ਦਾ ਫਾਈਨਲ ਮੈਚ ਨਹੀਂ ਹੋ ਸਕਿਆ। ਇਸ ਕਾਰਨ ਸਟੇਡੀਅਮ ਵਿੱਚ ਆਈਪੀਐਲ ਦਾ ਫਾਈਨਲ ਮੈਚ ਦੇਖਣ ਆਏ ਦਰਸ਼ਕ ਕਾਫ਼ੀ ਨਿਰਾਸ਼ ਨਜ਼ਰ ਆਏ। ਇੰਨਾ ਹੀ ਨਹੀਂ ਮੈਚ ਮੁਲਤਵੀ ਹੋਣ ਕਾਰਨ ਇਨ੍ਹਾਂ ਲੋਕਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਅਹਿਮਦਾਬਾਦ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਦੇਰ ਰਾਤ ਤੱਕ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ। ਇਸ ਕਾਰਨ ਫਾਈਨਲ ਮੈਚ ਅੱਜ 29 ਮਈ ਨੂੰ ਰਿਜ਼ਰਵ ਡੇਅ ’ਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ। ਹੁਣ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਅੱਜ ਸ਼ਾਮ 7.30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਚੈਂਪੀਅਨ ਦਾ ਫੈਸਲਾ ਅੱਜ: ਅਹਿਮਦਾਬਾਦ ਵਿੱਚ 28 ਮਈ ਨੂੰ ਲਗਾਤਾਰ ਮੀਂਹ ਪੈਣ ਕਾਰਨ ਐਤਵਾਰ ਨੂੰ 11 ਵੱਜ ਕੇ 5 ਮਿੰਟ ਬਾਕੀ ਰਹਿੰਦਿਆਂ ਹੀ ਫਾਈਨਲ ਮੈਚ ਰਿਜ਼ਰਵ ਡੇਅ ’ਤੇ ਕਰਵਾਉਣ ਦਾ ਐਲਾਨ ਕੀਤਾ ਗਿਆ। ਆਈਪੀਐਲ ਦੇ ਨਿਯਮਾਂ ਦੇ ਅਨੁਸਾਰ, ਜੇਕਰ ਕਿਸੇ ਕਾਰਨ ਕਰਕੇ ਮੈਚ 12:06 ਦੇ ਕੱਟ ਆਫ ਸਮੇਂ 'ਤੇ ਸ਼ੁਰੂ ਨਹੀਂ ਹੁੰਦਾ ਹੈ, ਤਾਂ ਫਾਈਨਲ ਲਈ ਇੱਕ ਰਿਜ਼ਰਵ ਦਿਨ ਹੈ। ਇਸ ਰਿਜ਼ਰਵ ਦਿਨ 'ਤੇ ਹੀ ਫਾਈਨਲ ਮੈਚ ਦੁਬਾਰਾ ਖੇਡਿਆ ਜਾਂਦਾ ਹੈ। ਦੂਜੇ ਪਾਸੇ ਜੇਕਰ ਆਈਪੀਐਲ ਦਾ ਫਾਈਨਲ ਕਟਆਫ ਸਮੇਂ ਵਿੱਚ ਸ਼ੁਰੂ ਹੁੰਦਾ ਹੈ, ਤਾਂ ਮੈਚ 20-20 ਓਵਰਾਂ ਦਾ ਨਹੀਂ ਸਗੋਂ 5-5 ਓਵਰਾਂ ਦਾ ਹੁੰਦਾ ਹੈ।
ਰਿਜ਼ਰਵ ਡੇਅ 'ਤੇ 28 ਮਈ ਦੀ ਟਿਕਟ 'ਤੇ ਐਂਟਰੀ ਉਪਲਬਧ ਹੋਵੇਗੀ: 28 ਮਈ ਨੂੰ ਮੈਚ ਨਾ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕ੍ਰਿਕਟ ਪ੍ਰਸ਼ੰਸਕਾਂ ਲਈ ਵੱਡਾ ਕਦਮ ਚੁੱਕਿਆ ਹੈ। ਬੋਰਡ ਦੀ ਤਰਫੋਂ ਕਿਹਾ ਗਿਆ ਹੈ ਕਿ 28 ਮਈ ਨੂੰ ਸਟੇਡੀਅਮ 'ਚ ਮੈਚ ਦੇਖਣ ਆਏ ਸਾਰੇ ਦਰਸ਼ਕ ਆਪਣੀਆਂ ਟਿਕਟਾਂ ਸੁਰੱਖਿਅਤ ਰੱਖਣ। ਇਸੇ ਟਿਕਟ 'ਤੇ ਕ੍ਰਿਕਟ ਪ੍ਰਸ਼ੰਸਕ 29 ਮਈ ਰਿਜ਼ਰਵ ਡੇਅ ਨੂੰ ਹੋਣ ਵਾਲਾ ਫਾਈਨਲ ਮੈਚ ਦੇਖ ਸਕਣਗੇ। IPL ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ 'ਤੇ ਇਹ ਜਾਣਕਾਰੀ ਦਿੱਤੀ ਹੈ।
ਇਸ ਤੋਂ ਇਲਾਵਾ ਪੋਸਟ ਸ਼ੇਅਰ ਕਰਦੇ ਹੋਏ ਸ਼ੁਭਮਨ ਗਿੱਲ ਨੇ ਇਹ ਵੀ ਲਿਖਿਆ ਹੈ ਕਿ ਮੀਂਹ ਦੇ ਬਾਵਜੂਦ ਤੁਹਾਡੇ ਅਡੋਲ ਸਮਰਥਨ ਲਈ ਸਾਡੇ ਪ੍ਰਸ਼ੰਸਕਾਂ ਦਾ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਆਪਣੀਆਂ ਭੌਤਿਕ ਟਿਕਟਾਂ ਸੁਰੱਖਿਅਤ ਰੱਖੋ ਕਿਉਂਕਿ ਅਸੀਂ ਤੁਹਾਨੂੰ ਕੱਲ੍ਹ ਯਾਨੀ 29 ਮਈ ਨੂੰ ਮਿਲਾਂਗੇ। ਆਪਣਾ ਉਤਸ਼ਾਹ ਬਣਾਈ ਰੱਖੋ ਤਾਂ ਜੋ ਅਸੀਂ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕੀਏ। ਇਸ ਦੇ ਨਾਲ ਹੀ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਵੀ ਟਵੀਟ ਕਰਕੇ ਲਿਖਿਆ ਹੈ ਕਿ 'ਬਦਕਿਸਮਤੀ ਨਾਲ ਅੱਜ ਮੈਚ ਨਹੀਂ ਹੋ ਸਕਿਆ। ਪਰ, ਕੱਲ੍ਹ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਣ ਦੀ ਉਮੀਦ ਹੈ। ਫਿੱਰ ਮਿਲਾਂਗੇ।'
ਕ੍ਰਿਕਟ ਪ੍ਰਸ਼ੰਸਕ ਪਰੇਸ਼ਾਨ ਹੋਏ : ਸੀਐਸਕੇ ਅਤੇ ਗੁਜਰਾਤ ਟਾਈਟਨਸ ਵਿਚਾਲੇ ਫਾਈਨਲ ਮੈਚ ਦੇਖਣ ਲਈ 75 ਹਜ਼ਾਰ ਤੋਂ ਵੱਧ ਪ੍ਰਸ਼ੰਸਕ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ। ਪਰ ਮੀਂਹ ਨੇ ਉਨ੍ਹਾਂ ਨੂੰ ਨਿਰਾਸ਼ ਕੀਤਾ। 28 ਮਈ ਨੂੰ ਅਹਿਮਦਾਬਾਦ ਵਿੱਚ ਸ਼ਾਮ 6 ਵਜੇ ਤੋਂ ਮੀਂਹ ਸ਼ੁਰੂ ਹੋਇਆ ਅਤੇ ਰਾਤ 11 ਵਜੇ ਤੋਂ ਬਾਅਦ ਵੀ ਰੁਕ-ਰੁਕ ਕੇ ਜਾਰੀ ਰਿਹਾ। ਇਸ ਕਾਰਨ ਮੈਚ ਮੁਲਤਵੀ ਹੋਣ ਤੋਂ ਬਾਅਦ ਸਾਰੇ ਦਰਸ਼ਕ ਨਿਰਾਸ਼ ਹੋ ਕੇ ਸੜਕਾਂ 'ਤੇ ਭਰੇ ਪਾਣੀ 'ਚ ਪੈਦਲ ਹੀ ਪਰਤ ਗਏ। ਪਰ ਦੂਰ-ਦੂਰ ਤੋਂ ਆਏ ਦਰਸ਼ਕ ਜਿਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫਲਾਈਟਾਂ ਅਤੇ ਹੋਟਲਾਂ ਦੀ ਬੁਕਿੰਗ ਕਰਵਾ ਕੇ ਨਰਿੰਦਰ ਮੋਦੀ ਸਟੇਡੀਅਮ ਦਾ ਸਫਰ ਤੈਅ ਕੀਤਾ। ਉਨ੍ਹਾਂ ਵਿਚੋਂ ਕੁਝ ਬਦਕਿਸਮਤ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੇ 29 ਮਈ ਨੂੰ ਵਾਪਸੀ ਦੀ ਉਡਾਣ ਬੁੱਕ ਕੀਤੀ ਹੈ। ਇਸ ਤੋਂ ਇਲਾਵਾ, 28 ਮਈ ਦੀ ਰਾਤ ਨੂੰ, ਬਹੁਤ ਸਾਰੇ ਸੀਐਸਕੇ ਅਤੇ ਕ੍ਰਿਕਟ ਪ੍ਰਸ਼ੰਸਕ ਰੇਲਵੇ ਸਟੇਸ਼ਨ 'ਤੇ ਸੁੱਤੇ ਹੋਏ ਸਨ। ਕਿਉਂਕਿ ਮੀਂਹ ਕਾਰਨ ਆਈਪੀਐਲ ਫਾਈਨਲ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ, ਕੁਝ ਲੋਕ 29 ਮਈ ਨੂੰ ਹੋਣ ਵਾਲਾ ਮੈਚ ਦੇਖਣ ਲਈ ਸਟੇਸ਼ਨ 'ਤੇ ਵੀ ਰੁਕੇ ਸਨ।