ਮੁੰਬਈ:ਆਈਪੀਐਲ 2022 ਵਿੱਚ ਮੰਗਲਵਾਰ ਰਾਤ ਨੂੰ ਖੇਡੇ ਗਏ 31ਵੇਂ ਮੈਚ ਵਿੱਚ ਬੈਂਗਲੁਰੂ ਰਾਇਲ ਚੈਲੰਜਰਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 18 ਦੌੜਾਂ ਨਾਲ (RCB BEAT LSG BY 18 RUNS) ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ ਲਖਨਊ ਨੂੰ 182 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਲਖਨਊ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 163 ਦੌੜਾਂ ਹੀ (RCB BEAT LSG) ਬਣਾ ਸਕੀ।
ਬੰਗਲੌਰ ਦੀ ਜਿੱਤ ਦੇ ਹੀਰੋ ਕਪਤਾਨ ਫਾਫ ਡੂ ਪਲੇਸਿਸ ਅਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸਨ। ਡੂ ਪਲੇਸਿਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 96 ਦੌੜਾਂ ਬਣਾਈਆਂ ਜਦਕਿ ਹੇਜ਼ਲਵੁੱਡ ਨੇ ਲਖਨਊ ਦੇ 4 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਡੂ ਪਲੇਸਿਸ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ।
ਲਖਨਊ ਦੀ ਢਿੱਲੀ ਸ਼ੁਰੂਆਤ: 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਕਪਤਾਨ ਕੇਐਲ ਰਾਹੁਲ ਨਾਲ ਹੌਲੀ ਸ਼ੁਰੂਆਤ ਕੀਤੀ ਪਰ ਸਾਵਧਾਨੀ ਨਾਲ ਖੇਡਣ ਕਾਰਨ ਡੇਕਾਕ ਸਿਰਫ਼ 3 ਦੌੜਾਂ ਬਣਾ ਕੇ ਆਊਟ ਹੋ ਗਏ। ਪਹਿਲੀ ਵਿਕਟ 17 ਦੌੜਾਂ 'ਤੇ ਡਿੱਗਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਮਨੀਸ਼ ਪਾਂਡੇ ਵੀ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਕੇਐੱਲ ਰਾਹੁਲ (30 ਦੌੜਾਂ) ਵੀ ਕਰੁਣਾਲ ਪੰਡਯਾ ਨਾਲ ਤੀਜੇ ਵਿਕਟ ਲਈ 31 ਦੌੜਾਂ ਜੋੜ ਕੇ ਪੈਵੇਲੀਅਨ ਪਰਤ ਗਏ।
ਇਹ ਵੀ ਪੜੋ:ਅਨੁਜ ਰਾਵਤ ਅਤੇ ਸੁਯਸ਼ ਪ੍ਰਭੂਦੇਸਾਈ ਦੀ ਚੰਗੀ ਫੀਲਡਿੰਗ ਤੋਂ ਮੈਕਸਵੈੱਲ ਖੁਸ਼
ਕੋਈ ਵੀ ਬੱਲੇਬਾਜ਼ ਨਹੀਂ ਖੇਡ ਸਕਿਆ ਵੱਡੀ ਪਾਰੀ:ਲਖਨਊ ਵੱਲੋਂ ਡੂ ਪਲੇਸਿਸ ਵਰਗੀ ਵੱਡੀ ਪਾਰੀ ਕੋਈ ਬੱਲੇਬਾਜ਼ ਨਹੀਂ ਖੇਡ ਸਕਿਆ। ਕਰੁਣਾਲ ਪੰਡਯਾ ਨੇ 28 ਗੇਂਦਾਂ 'ਚ 2 ਛੱਕਿਆਂ ਅਤੇ 5 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 42 ਦੌੜਾਂ ਬਣਾਈਆਂ ਜਦਕਿ ਕਪਤਾਨ ਕੇਐੱਲ ਰਾਹੁਲ ਨੇ 30 ਦੌੜਾਂ ਦੀ ਪਾਰੀ 'ਚ 3 ਚੌਕੇ ਅਤੇ ਇਕ ਛੱਕਾ ਲਗਾਇਆ। ਇਸ ਤੋਂ ਇਲਾਵਾ ਦੀਪਕ ਹੁੱਡਾ ਅਤੇ ਆਯੂਸ਼ ਬਿਸ਼ਨਈ 13-13 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਮਾਰਕਸ ਸਟੋਇਨਿਸ 24 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਜੇਸਨ ਹੋਲਡਰ (16 ਦੌੜਾਂ) ਨੇ ਆਖਰੀ ਓਵਰ 'ਚ 2 ਛੱਕੇ ਜ਼ਰੂਰ ਲਗਾਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਹੇਜ਼ਲਵੁੱਡ ਦੀ ਅਗਵਾਈ ਵਿੱਚ ਆਰਸੀਬੀ ਦੇ ਗੇਂਦਬਾਜ਼ਾਂ ਦਾ ਕਮਾਲ: ਰਾਇਲ ਚੈਲੰਜਰਜ਼ ਦੀ ਗੇਂਦਬਾਜ਼ੀ ਬ੍ਰਿਗੇਡ ਨੇ ਵੀ ਇਸ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਜੋਸ਼ ਹੇਜ਼ਲਵੁੱਡ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ 4 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਇਸ ਤੋਂ ਇਲਾਵਾ ਹਰਸ਼ਲ ਪਟੇਲ ਨੇ 2 ਵਿਕਟਾਂ ਲਈਆਂ। ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਆਏ ਮੁਹੰਮਦ ਸਿਰਾਜ ਮੈਕਸਵੈੱਲ ਨੇ ਵੀ ਇੱਕ-ਇੱਕ ਵਿਕਟ ਲਈ।
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ:ਪਹਿਲੇ ਓਵਰ ਦੀ 5ਵੀਂ ਗੇਂਦ 'ਤੇ ਅਨੁਜ ਰਾਵਤ (5) ਨੂੰ ਚਮੀਰਾ ਦੀ ਗੇਂਦ 'ਤੇ ਕੇਐੱਲ ਰਾਹੁਲ ਨੇ ਕੈਚ ਦੇ ਦਿੱਤਾ ਅਤੇ ਅਗਲੀ ਹੀ ਗੇਂਦ 'ਤੇ ਵਿਰਾਟ ਕੋਹਲੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਪਹਿਲੇ ਓਵਰ ਤੋਂ ਬਾਅਦ ਆਰਸੀਬੀ ਦਾ ਸਕੋਰ 7 ਦੌੜਾਂ 'ਤੇ ਦੋ ਸੀ।
ਡੂ ਪਲੇਸਿਸ ਦੀ ਕਪਤਾਨੀ ਪਾਰੀ:ਸਸਤੇ 'ਚ ਦੋ ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਡੁਪਲੇਸੀ ਅਤੇ ਮੈਕਸਵੈੱਲ ਪਾਰੀ ਨੂੰ ਸੰਭਾਲਣ 'ਚ ਜੁਟੇ ਹੋਏ ਸਨ ਪਰ 11 ਗੇਂਦਾਂ 'ਚ 23 ਦੌੜਾਂ ਬਣਾਉਣ ਤੋਂ ਬਾਅਦ ਮੈਕਸਵੈੱਲ ਨੇ 44 ਦੇ ਕੁੱਲ ਟੀਮ ਸਕੋਰ 'ਤੇ ਆਪਣਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਸੁਯਸ਼ ਵੀ (10 ਦੌੜਾਂ) ਬਣਾ ਕੇ ਆਊਟ ਹੋ ਗਏ। ਫਿਰ ਡੂ ਪਲੇਸਿਸ ਨੇ ਸ਼ਾਹਬਾਜ਼ ਅਹਿਮਦ (26 ਦੌੜਾਂ) ਨਾਲ ਮਿਲ ਕੇ ਪੰਜਵੇਂ ਵਿਕਟ ਲਈ 70 ਦੌੜਾਂ ਜੋੜੀਆਂ। ਡੂ ਪਲੇਸਿਸ ਨੇ ਛੇਵੀਂ ਵਿਕਟ ਵਜੋਂ ਆਊਟ ਹੋਣ ਤੋਂ ਪਹਿਲਾਂ 64 ਗੇਂਦਾਂ ਵਿੱਚ 96 ਦੌੜਾਂ ਬਣਾਈਆਂ। ਜਿਸ ਵਿੱਚ 11 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਇਸ ਪਾਰੀ ਦੀ ਬਦੌਲਤ ਬੈਂਗਲੁਰੂ ਦੀ ਟੀਮ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਹੀ ਬਣਾ ਸਕੀ।
ਇਹ ਵੀ ਪੜੋ:IPL 2022: ਕੋਰੋਨਾ ਪ੍ਰਭਾਵਿਤ DC ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ, ਦੋਵਾਂ ਨੂੰ ਜਿੱਤ ਦੀ ਲੋੜ
ਲਖਨਊ ਦੀ ਗੇਂਦਬਾਜ਼ੀ:ਚਮੀਰਾ ਨੇ ਪਹਿਲੀਆਂ ਦੋ ਵਿਕਟਾਂ ਲੈ ਕੇ ਬੈਂਗਲੁਰੂ ਦੇ ਹੌਸਲੇ ਬੁਲੰਦ ਕੀਤੇ, ਉਥੇ ਹੀ ਜੇਸਨ ਹੋਲਡਰ ਨੇ ਵੀ ਦੋ ਵਿਕਟਾਂ ਲਈਆਂ। ਕਰੁਣਾਲ ਪੰਡਯਾ ਨੂੰ ਵੀ ਇੱਕ ਵਿਕਟ ਮਿਲੀ ਜਦਕਿ ਅਵੇਸ਼ ਖਾਨ ਅਤੇ ਰਵੀ ਬਿਸ਼ਨੋਈ ਦਾ ਝੋਲਾ ਵਿਕਟਾਂ ਦੇ ਲਿਹਾਜ਼ ਨਾਲ ਖਾਲੀ ਰਿਹਾ।
ਪੁਆਇੰਟ ਟੇਬਲ: ਇਸ ਜਿੱਤ ਤੋਂ ਬਾਅਦ ਆਰਸੀਬੀ ਦੀ ਟੀਮ ਅੰਕ ਸੂਚੀ ਵਿੱਚ ਦੂਜੇ ਨੰਬਰ 'ਤੇ ਪਹੁੰਚ ਗਈ ਹੈ। ਆਰਸੀਬੀ ਨੇ 7 ਮੈਚਾਂ ਵਿੱਚੋਂ 5 ਮੈਚ ਜਿੱਤੇ ਹਨ ਅਤੇ ਉਸ ਦੇ ਕੁੱਲ 10 ਅੰਕ ਹਨ। ਇਸ ਹਾਰ ਤੋਂ ਬਾਅਦ ਲਖਨਊ 8 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਲਖਨਊ ਨੇ ਵੀ 7 ਮੈਚ ਖੇਡੇ ਹਨ ਪਰ ਉਸ ਨੇ 4 ਵਿੱਚ ਜਿੱਤ ਦਰਜ ਕੀਤੀ ਹੈ ਅਤੇ 3 ਵਿੱਚ ਹਾਰ ਹੋਈ ਹੈ। ਗੁਜਰਾਤ ਦੀ ਟੀਮ 6 ਮੈਚਾਂ 'ਚ 5 ਜਿੱਤਾਂ ਨਾਲ ਅਜੇ ਵੀ ਅੰਕ ਸੂਚੀ 'ਚ ਸਿਖਰ 'ਤੇ ਬਰਕਰਾਰ ਹੈ, ਜਦਕਿ ਚੇਨਈ ਅਤੇ ਮੁੰਬਈ ਦੀ ਟੀਮ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਚੇਨਈ ਨੇ ਹੁਣ ਤੱਕ 6 ਮੈਚਾਂ 'ਚੋਂ ਇਕ ਮੈਚ ਜਿੱਤਿਆ ਹੈ, ਇਸ ਲਈ ਮੁੰਬਈ 6 ਮੈਚ ਖੇਡਣ ਤੋਂ ਬਾਅਦ ਵੀ ਆਪਣੀ ਪਹਿਲੀ ਜਿੱਤ ਲਈ ਤਰਸ ਰਹੀ ਹੈ।