ਮੁੰਬਈ (ਬਿਊਰੋ): ਆਈ.ਪੀ.ਐੱਲ 2022 'ਚ ਚੇਨਈ ਸੁਪਰਕਿੰਗਜ਼ ਦੇ ਸ਼ਰਮਨਾਕ ਪ੍ਰਦਰਸ਼ਨ ਤੋਂ ਬਾਅਦ ਰਵਿੰਦਰ ਜਡੇਜਾ ਨੇ ਇਕ ਵਾਰ ਫਿਰ ਕਪਤਾਨੀ ਦੀ ਕਮਾਨ ਐੱਮ.ਐੱਸ.ਧੋਨੀ ਨੂੰ ਸੌਂਪ ਦਿੱਤੀ ਹੈ। ਸੀਜ਼ਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਚੇਨਈ ਨੇ ਧੋਨੀ ਦੀ ਜਗ੍ਹਾ ਜਡੇਜਾ ਨੂੰ ਟੀਮ ਦਾ ਕਪਤਾਨ ਬਣਾਇਆ। ਪਰ ਜਡੇਜਾ ਦੀ ਕਪਤਾਨੀ 'ਚ ਚੇਨਈ ਦੀ ਟੀਮ ਕੋਈ ਕਮਾਲ ਨਹੀਂ ਕਰ ਸਕੀ।
ਤੁਹਾਨੂੰ ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਆਈਪੀਐਲ 2022 ਵਿੱਚ ਖੇਡੇ ਗਏ 8 ਮੈਚਾਂ ਵਿੱਚੋਂ ਸਿਰਫ਼ 2 ਹੀ ਜਿੱਤ ਸਕੀ ਹੈ। ਜਦਕਿ 6 ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਅੰਕ ਸੂਚੀ 'ਚ ਨੌਵੇਂ ਸਥਾਨ 'ਤੇ ਹੈ। ਮੌਜੂਦਾ ਚੈਂਪੀਅਨ ਚੇਨਈ ਨੂੰ ਪਲੇਆਫ 'ਚ ਜਗ੍ਹਾ ਬਣਾਉਣ ਲਈ ਬਾਕੀ 6 'ਚੋਂ 6 ਮੈਚ ਜਿੱਤਣੇ ਹੋਣਗੇ। ਅਜਿਹੇ 'ਚ ਚੇਨਈ ਨੂੰ ਚਾਰ ਵਾਰ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਦੇ ਹੱਥਾਂ 'ਚ ਟੀਮ ਦੀ ਕਮਾਨ ਆ ਗਈ ਹੈ।
ਇਸ ਬਾਰੇ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਸੀਐਸਕੇ ਨੇ ਕਿਹਾ, ਰਵਿੰਦਰ ਜਡੇਜਾ ਨੇ ਐਮਐਸ ਧੋਨੀ ਨੂੰ ਆਪਣੀ ਖੇਡ 'ਤੇ ਧਿਆਨ ਦੇਣ ਲਈ ਟੀਮ ਦੀ ਕਪਤਾਨੀ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਧੋਨੀ ਨੇ ਟੀਮ ਦੇ ਹਿੱਤ 'ਚ ਜਡੇਜਾ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ ਅਤੇ ਜਡੇਜਾ ਨੂੰ ਆਪਣੀ ਖੇਡ 'ਤੇ ਧਿਆਨ ਦੇਣ ਲਈ ਕਿਹਾ ਹੈ।