ਨਵੀਂ ਮੁੰਬਈ: ਸ਼ਾਨਦਾਰ ਵਾਪਸੀ ਕਰਨ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਐਤਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਮੈਚ 'ਚ ਪੰਜਾਬ ਕਿੰਗਜ਼ ਨਾਲ ਭਿੜਨ 'ਤੇ ਤਿੰਨ ਮੈਚਾਂ ਦੀ ਜਿੱਤ ਦੀ ਲੜੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਕੁਝ ਟੀਮਾਂ ਨੇ ਛੇ-ਛੇ ਅੰਕ ਹਾਸਲ ਕੀਤੇ ਹਨ, ਪਰ ਹੈਚਰਾਬਾਦ ਅਤੇ ਪੰਜਾਬ ਦੀ ਟੀਮ ਪਲੇਆਫ ਦੀ ਦੌੜ ਵਿੱਚ ਆਪਣੇ ਆਪ ਨੂੰ ਅੱਗੇ ਰੱਖਣ ਲਈ ਦੋ ਮਹੱਤਵਪੂਰਨ ਅੰਕ ਇਕੱਠੇ ਕਰਨਾ ਚਾਹੇਗੀ।
ਸਨਰਾਈਜ਼ਰਸ ਹੈਦਰਾਬਾਦ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਦੋ ਮੈਚਾਂ ਵਿੱਚ ਹਾਰ ਨਾਲ ਕੀਤੀ। ਪਰ ਟੀਮ ਨੇ ਚੇਨਈ ਸੁਪਰ ਕਿੰਗਜ਼, ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਲਗਾਤਾਰ ਤਿੰਨ ਜਿੱਤਾਂ ਨਾਲ ਵਾਪਸੀ ਕੀਤੀ ਅਤੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਜਾਰੀ ਰੱਖਣਾ ਚਾਹੇਗੀ।
ਇਹ ਵੀ ਪੜੋ:ਸੀਐਮ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਸ਼ਰਾਬ ਪੀ ਕੇ ਆਉਣ ਦੇ ਦੋਸ਼ਾਂ ਦਾ SGPC ਮੈਂਬਰ ਨੇ ਦੱਸਿਆ ਸੱਚ
ਪੰਜਾਬ ਕਿੰਗਜ਼ ਨੇ ਪਿਛਲੇ ਮੈਚ 'ਚ ਮੁੰਬਈ ਇੰਡੀਅਨਜ਼ 'ਤੇ 12 ਦੌੜਾਂ ਦੀ ਜਿੱਤ ਦਰਜ ਕੀਤੀ ਸੀ ਅਤੇ ਸਨਰਾਈਜ਼ਰਸ ਹੈਦਰਾਬਾਦ ਨਿਸ਼ਚਿਤ ਤੌਰ 'ਤੇ ਜਾਣਦਾ ਹੈ ਕਿ ਤੀਜੇ ਸਥਾਨ 'ਤੇ ਕਾਬਜ਼ ਮਯੰਕ ਅਗਰਵਾਲ ਦੀ ਅਗਵਾਈ ਵਾਲੀ ਟੀਮ ਨੂੰ ਹਰਾਉਣਾ ਮੁਸ਼ਕਲ ਹੋਵੇਗਾ। ਸਨਰਾਈਜ਼ਰਜ਼ ਦੀਆਂ ਤਿੰਨੋਂ ਜਿੱਤਾਂ ਟੀਚੇ ਦਾ ਪਿੱਛਾ ਕਰਦਿਆਂ ਆਈਆਂ ਅਤੇ ਹਰ ਵਾਰ ਉਨ੍ਹਾਂ ਨੂੰ ਨਵਾਂ ਹੀਰੋ ਮਿਲਿਆ।
ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਕਪਤਾਨ ਕੇਨ ਵਿਲੀਅਮਸਨ, ਜਿਨ੍ਹਾਂ ਨੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੇ ਖਿਲਾਫ ਮੈਚ ਜੇਤੂ ਪਾਰੀ ਖੇਡੀ, ਹਾਲਾਂਕਿ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਅਸਫਲ ਰਹੇ। ਪਰ ਅਭਿਸ਼ੇਕ ਸ਼ਰਮਾ, ਇੱਕ ਖੱਬੇ ਹੱਥ ਦਾ ਬੱਲੇਬਾਜ਼ ਜੋ ਕਈ ਤਰ੍ਹਾਂ ਦੇ ਸ਼ਾਟ ਖੇਡਣ ਵਿੱਚ ਮਾਹਰ ਹੈ, ਦਾ ਟੀਚਾ ਹਮਲਾਵਰ ਸ਼ੁਰੂਆਤ ਕਰਨਾ ਹੋਵੇਗਾ।
ਸ਼ੁਰੂਆਤ ਮਿਲਣ ਤੋਂ ਬਾਅਦ ਰਾਹੁਲ ਤ੍ਰਿਪਾਠੀ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 37 ਗੇਂਦਾਂ 'ਤੇ 71 ਦੌੜਾਂ ਦੀ ਪਾਰੀ ਖੇਡੀ ਅਤੇ ਅਜਿਹਾ ਹੀ ਏਡਨ ਮਾਰਕਰਮ ਨਾਲ ਹੋਇਆ, ਜਿਸ ਦੀ 36 ਗੇਂਦਾਂ 'ਤੇ ਨਾਬਾਦ 68 ਦੌੜਾਂ ਦੀ ਪਾਰੀ ਨੇ ਟੀਮ ਨੂੰ ਜਿੱਤ ਦਿਵਾਈ।
ਇਸ ਦੇ ਨਾਲ ਹੀ ਜੇਕਰ ਨਿਕੋਲਸ ਪੂਰਨ ਪੂਰੀ ਫਾਰਮ 'ਚ ਹੈ ਤਾਂ ਉਹ ਖਤਰਨਾਕ ਸਾਬਤ ਹੋ ਸਕਦਾ ਹੈ, ਜਿਸ ਕਾਰਨ ਸਨਰਾਈਜ਼ ਵੱਡੇ ਟੀਚੇ ਦੇ ਸਕਦੇ ਹਨ ਅਤੇ ਵੱਡੇ ਟੀਚੇ ਵੀ ਹਾਸਲ ਕਰ ਸਕਦੇ ਹਨ। ਰਾਹੁਲ, ਪੂਰਨ ਅਤੇ ਮਾਰਕਰਮ ਨੂੰ ਫਿਰ ਤੋਂ ਮੱਧਕ੍ਰਮ ਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਪਰ ਉਹ ਪੰਜਾਬ ਦੇ ਅਜਿਹੇ ਵਿਭਿੰਨ ਅਤੇ ਮਜ਼ਬੂਤ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨਗੇ, ਜਿਸ ਦੀ ਅਗਵਾਈ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਕਰ ਰਹੇ ਹਨ।
ਰਬਾਡਾ ਨੂੰ ਵੀ ਵੈਭਵ ਅਰੋੜਾ ਅਤੇ ਤੇਜ਼ੀ ਨਾਲ ਸੁਧਾਰ ਕਰ ਰਹੇ ਅਰਸ਼ਦੀਪ ਸਿੰਘ ਦੇ ਸਹਿਯੋਗ ਦੀ ਲੋੜ ਹੋਵੇਗੀ। ਪੰਜਾਬ ਦੇ ਹਮਲੇ ਦੀ ਕਮਜ਼ੋਰ ਕੜੀ ਸਪਿੰਨਰ ਰਾਹੁਲ ਚਾਹਰ ਹੈ, ਜਿਸ ਨੇ 44 ਦੌੜਾਂ ਦਿੱਤੀਆਂ। ਪਰ ਹੁਣ ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਸਨਰਾਈਜ਼ਰਸ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ਾਂ ਨੇ ਦਿਖਾਇਆ ਕਿ ਉਹ ਪਿਛਲੇ ਮੈਚ ਵਿੱਚ ਸਰਵੋਤਮ ਕਿਉਂ ਹਨ। ਮਾਰਕੋ ਯੈਨਸਨ, ਟੀ ਨਟਰਾਜਨ, ਭੁਵਨੇਸ਼ਵਰ ਕੁਮਾਰ ਅਤੇ ਉਮਰਾਨ ਮਲਿਕ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਮਿਲ ਕੇ ਸੱਤ ਵਿਕਟਾਂ ਲਈਆਂ। ਯੈਨਸਨ ਵਿਰੋਧੀ ਬੱਲੇਬਾਜ਼ਾਂ ਲਈ ਆਪਣੇ ਕੋਣ ਅਤੇ ਰੂਪਾਂਤਰਾਂ ਨਾਲ ਇੱਕ ਭੈੜਾ ਸੁਪਨਾ ਸਾਬਤ ਹੋ ਰਿਹਾ ਹੈ, ਜਦਕਿ ਸੀਨੀਅਰ ਖਿਡਾਰੀ ਭੁਵਨੇਸ਼ਵਰ ਦੇ ਨਾਲ ਯਾਰਕਰ ਮਾਹਿਰ ਨਟਰਾਜਨ ਅਤੇ ਸਨਸਨੀਖੇਜ਼ ਤੇਜ਼ ਗੇਂਦਬਾਜ਼ ਮਲਿਕ ਨੇ ਅਹਿਮ ਵਿਕਟਾਂ ਲਈਆਂ ਹਨ। ਵਾਸ਼ਿੰਗਟਨ ਸੁੰਦਰ ਦੀ ਗੈਰ-ਮੌਜੂਦਗੀ 'ਚ ਜਗਦੀਸ਼ ਸੁਚਿਤ ਨੇ ਕੋਲਕਾਤਾ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਆਪਣਾ ਸਥਾਨ ਬਰਕਰਾਰ ਰੱਖ ਸਕਦਾ ਹੈ।
ਪੰਜਾਬ ਲਈ ਸਭ ਤੋਂ ਚੰਗੀ ਖ਼ਬਰ ਇਹ ਹੈ ਕਿ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਮੁੰਬਈ ਖ਼ਿਲਾਫ਼ ਮੈਚ ਵਿੱਚ 70 ਦੌੜਾਂ ਬਣਾ ਕੇ ਦੌੜਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਮਯੰਕ ਅਗਰਵਾਲ ਨੂੰ ਇੱਕ ਵਾਰ ਫਿਰ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੇਣੀ ਹੋਵੇਗੀ। ਮੱਧਕ੍ਰਮ 'ਚ ਜੌਨੀ ਬੇਅਰਸਟੋ, ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ, ਸ਼ਾਹਰੁਖ ਖਾਨ ਅਤੇ ਓਡੀਅਨ ਸਮਿਥ ਵਰਗੇ ਬੱਲੇਬਾਜ਼ ਹਨ ਅਤੇ ਜੇਕਰ ਚੋਟੀ ਦਾ ਕ੍ਰਮ ਅਸਫਲ ਰਹਿੰਦਾ ਹੈ ਤਾਂ ਇਨ੍ਹਾਂ 'ਚੋਂ ਕਿਸੇ ਇਕ ਨੂੰ ਜ਼ਿੰਮੇਵਾਰੀ ਨਾਲ ਖੇਡਣਾ ਹੋਵੇਗਾ। ਇਹ ਦੁਪਹਿਰ ਦਾ ਮੈਚ ਹੈ, ਇਸ ਲਈ ਤ੍ਰੇਲ ਕੋਈ ਸਮੱਸਿਆ ਨਹੀਂ ਹੋਵੇਗੀ। ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ।