ਨਵੀਂ ਮੁੰਬਈ: ਜਿੱਤ ਦੇ ਰੱਥ 'ਤੇ ਸਵਾਰ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਮੰਗਲਵਾਰ ਨੂੰ ਆਈ.ਪੀ.ਐੱਲ ਦੇ ਮੈਚ 'ਚ ਭਿੜਨਗੇ ਤਾਂ ਮੈਚ ਕੇ.ਐੱਲ.ਰਾਹੁਲ ਅਤੇ ਕਵਿੰਟਨ ਡੀ ਕਾਕ ਦੇ ਬੱਲੇ ਅਤੇ ਦਿਨੇਸ਼ ਕਾਰਤਿਕ ਅਤੇ ਗਲੇਨ ਮੈਕਸਵੈੱਲ ਦੀ ਧਮਾਕੇਦਾਰ ਫਾਰਮ ਵਿਚਾਲੇ ਹੋਵੇਗਾ. ਪਿਛਲੇ ਮੈਚ ਵਿੱਚ ਲਖਨਊ ਨੇ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ ਅਤੇ ਆਰਸੀਬੀ ਨੇ ਦਿੱਲੀ ਕੈਪੀਟਲਜ਼ ਨੂੰ ਹਰਾਇਆ ਸੀ।
ਲਖਨਊ ਦੇ ਖ਼ਿਲਾਫ਼ ਆਰਸੀਬੀ ਨੂੰ ਆਪਣੀ ਟਾਪ ਆਰਡਰ ਬੱਲੇਬਾਜ਼ੀ ਨੂੰ ਠੀਕ ਕਰਨਾ ਹੋਵੇਗਾ। ਕਪਤਾਨ ਫਾਫ ਡੂ ਪਲੇਸਿਸ ਪਹਿਲੇ ਮੈਚ ਤੋਂ ਹੀ ਨਹੀਂ ਚੱਲ ਰਹੇ ਹਨ ਅਤੇ ਸਲਾਮੀ ਬੱਲੇਬਾਜ਼ ਅਨੁਜ ਰਾਵਤ ਵੀ ਲਗਾਤਾਰ ਫਾਰਮ 'ਚ ਨਹੀਂ ਹਨ। ਵਿਰਾਟ ਕੋਹਲੀ ਦਾ ਬੱਲਾ ਵੀ ਖਾਮੋਸ਼ ਹੈ ਅਤੇ ਚੰਗੀ ਫਾਰਮ 'ਚ ਦੇਖਣ ਦੇ ਬਾਵਜੂਦ ਉਹ ਵੱਡੀ ਪਾਰੀ ਨਹੀਂ ਖੇਡ ਪਾ ਰਹੇ ਹਨ। ਮੈਕਸਵੈੱਲ ਦੇ ਆਉਣ ਨਾਲ ਬੱਲੇਬਾਜ਼ੀ ਮਜ਼ਬੂਤ ਹੋਈ ਹੈ। ਆਸਟ੍ਰੇਲੀਆਈ ਆਲਰਾਊਂਡਰ ਨੇ ਦਿੱਲੀ ਖ਼ਿਲਾਫ਼ 34 ਗੇਂਦਾਂ 'ਚ 55 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਕਾਰਤਿਕ ਆਪਣੇ ਦਮ 'ਤੇ ਟੀਮ ਲਈ ਮੈਚ ਜਿੱਤ ਰਹੇ ਹਨ ਅਤੇ ਉਸ ਨੇ ਫਿਨਿਸ਼ਰ ਦੀ ਭੂਮਿਕਾ ਨਿਭਾਈ ਹੈ।
ਇਸ ਸੀਜ਼ਨ 'ਚ ਵਿਕਟਕੀਪਰ ਬੱਲੇਬਾਜ਼ ਕਾਰਤਿਕ ਦਾ ਨਵਾਂ ਰੂਪ ਦੇਖਣ ਨੂੰ ਮਿਲਿਆ ਹੈ। ਭਾਰਤੀ ਟੀਮ 'ਚ ਵਾਪਸੀ ਦੀ ਕੋਸ਼ਿਸ਼ ਕਰ ਰਹੇ ਕਾਰਤਿਕ ਨੇ ਜ਼ਬਰਦਸਤ ਪਾਰੀਆਂ ਖੇਡੀਆਂ ਹਨ, ਜਿਸ ਦੇ ਆਧਾਰ 'ਤੇ ਆਰਸੀਬੀ ਲੀਗ ਟੇਬਲ 'ਚ ਚੋਟੀ ਦੀਆਂ ਚਾਰ ਟੀਮਾਂ 'ਚ ਹੈ। ਇੰਜੀਨੀਅਰ ਤੋਂ ਕ੍ਰਿਕਟਰ ਬਣੇ ਸ਼ਾਹਬਾਜ਼ ਅਹਿਮਦ ਨੇ ਵੀ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ। ਗੇਂਦਬਾਜ਼ੀ 'ਚ ਜੋਸ਼ ਹੇਜ਼ਲਵੁੱਡ ਨੇ ਦਿੱਲੀ ਖ਼ਿਲਾਫ਼ ਸ਼ਾਨਦਾਰ ਸਪੈੱਲ ਕਰਕੇ ਮੈਚ ਦਾ ਰੁਖ ਬਦਲ ਦਿੱਤਾ ਅਤੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਫਾਰਮ ਨੂੰ ਜਾਰੀ ਰੱਖਣਾ ਚਾਹੇਗਾ। ਸਾਰਿਆਂ ਦੀਆਂ ਨਜ਼ਰਾਂ ਸ਼੍ਰੀਲੰਕਾ ਦੇ ਲੈੱਗ ਸਪਿਨਰ ਵਾਨਿੰਦੂ ਹਸਾਰੰਗਾ 'ਤੇ ਹੋਣਗੀਆਂ, ਜਦਕਿ ਡੈਥ ਓਵਰਾਂ ਦੇ ਮਾਹਿਰ ਹਰਸ਼ਲ ਪਟੇਲ ਵੀ ਆਪਣੇ ਪ੍ਰਦਰਸ਼ਨ ਦੀ ਛਾਪ ਛੱਡਣਾ ਚਾਹੁਣਗੇ।
ਦੂਜੇ ਪਾਸੇ ਲਖਨਊ ਦੇ ਕਪਤਾਨ ਰਾਹੁਲ ਨੇ 235 ਦੌੜਾਂ ਬਣਾਈਆਂ ਹਨ ਅਤੇ ਸ਼ਾਨਦਾਰ ਫਾਰਮ 'ਚ ਹਨ। ਉਸਨੇ ਮੁੰਬਈ ਦੇ ਖ਼ਿਲਾਫ਼ ਸੈਂਕੜਾ ਲਗਾਇਆ ਅਤੇ ਸਭ ਤੋਂ ਵੱਧ ਦੌੜਾਂ ਦੇ ਮਾਮਲੇ ਵਿੱਚ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ (272) ਤੋਂ ਪਿੱਛੇ ਹਨ। ਡੀ ਕਾਕ ਵੀ ਚੰਗੀ ਫਾਰਮ 'ਚ ਹਨ, ਜਦਕਿ ਨੌਜਵਾਨ ਆਯੂਸ਼ ਬਡੋਨੀ, ਦੀਪਕ ਹੁੱਡਾ ਅਤੇ ਕਰੁਣਾਲ ਪੰਡਯਾ ਵੱਡੀ ਪਾਰੀ ਖੇਡ ਸਕਦੇ ਹਨ। ਜੇਸਨ ਹੋਲਡਰ ਅਤੇ ਮਾਰਕਸ ਸਟੋਇਨਿਸ ਨੇ ਟੀਮ ਨੂੰ ਤਾਕਤ ਦਿੱਤੀ। ਸਭ ਦੀਆਂ ਨਜ਼ਰਾਂ ਤੇਜ਼ ਗੇਂਦਬਾਜ਼ ਅਵੇਸ਼ ਖਾਨ ਅਤੇ ਸਪਿਨਰ ਰਵੀ ਬਿਸ਼ਨੋਈ 'ਤੇ ਵੀ ਹੋਣਗੀਆਂ।