ਨਵੀਂ ਦਿੱਲੀ:ਆਈ.ਪੀ.ਐੱਲ. ਦੇ 1000ਵੇਂ ਅਤੇ ਇਸ ਸੀਜ਼ਨ ਦੇ 42ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਰਾਇਲਸ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਮੁੰਬਈ ਟੀਮ ਦੇ ਖਿਡਾਰੀਆਂ ਨੇ ਇਸ ਮੈਚ ਨੂੰ ਆਪਣੇ ਨਾਂ ਕੀਤਾ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਜਨਮਦਿਨ 'ਤੇ ਸਭ ਤੋਂ ਖਾਸ ਤੋਹਫਾ ਦਿੱਤਾ। ਮੁੰਬਈ ਦੀ ਜਿੱਤ ਦੇ ਹੀਰੋ ਰਹੇ ਆਸਟ੍ਰੇਲੀਆਈ ਆਲਰਾਊਂਡਰ ਟਿਮ ਡੇਵਿਡ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਸਮੇਤ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ। ਟਿਮ ਡੇਵਿਡ ਮੈਚ ਦੇ ਆਖਰੀ ਓਵਰ 'ਚ ਇਕ ਤੋਂ ਬਾਅਦ ਇਕ ਛੱਕੇ ਲਗਾ ਕੇ ਕਾਫੀ ਤਾਰੀਫਾਂ ਲੁੱਟ ਰਹੇ ਹਨ। ਉਸ ਦੀ ਧਮਾਕੇਦਾਰ ਬੱਲੇਬਾਜ਼ੀ ਮੁੰਬਈ ਫਰੈਂਚਾਇਜ਼ੀ ਨੂੰ ਜਿੱਤ ਦਿਵਾਉਣ ਵਿੱਚ ਸਫਲ ਰਹੀ।
ਆਈਪੀਐਲ ਦੇ 42ਵੇਂ ਮੈਚ ਵਿੱਚ ਤੇਜ਼ ਬੱਲੇਬਾਜ਼ੀ ਕਰਦੇ ਹੋਏ ਟਿਮ ਡੇਵਿਡ ਨੇ 321.42 ਦੀ ਸਟ੍ਰਾਈਕ ਰੇਟ ਨਾਲ 14 ਗੇਂਦਾਂ ਵਿੱਚ 45 ਦੌੜਾਂ ਦੀ ਨਾਬਾਦ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 2 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਮੈਚ ਦੇ ਆਖਰੀ ਓਵਰ ਦੀ ਦੂਜੀ ਗੇਂਦ 'ਤੇ ਟਿਮ ਡੇਵਿਡ ਨੇ ਲਗਾਇਆ ਛੱਕਾ ਚਰਚਾ ਦਾ ਵਿਸ਼ਾ ਬਣ ਗਿਆ, ਵਾਨਖੇੜੇ ਸਟੇਡੀਅਮ ਦੇ ਡਗਆਊਟ 'ਚ ਬੈਠੇ ਸਚਿਨ ਤੇਂਦੁਲਕਰ ਉਸ ਸਮੇਂ ਖੁਸ਼ੀ ਨਾਲ ਝੂਮ ਉੱਠੇ ਜਦੋਂ ਟਿਮ ਡੇਵਿਡ ਨੇ ਜੇਸਨ ਦੀ ਗੇਂਦ 'ਤੇ 84 ਮੀਟਰ ਲੰਬਾ ਛੱਕਾ ਲਗਾਇਆ। ਸਚਿਨ ਤੇਂਦੁਲਕਰ ਦੀ ਇਹ ਪ੍ਰਤੀਕਿਰਿਆ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਫੈਨਜ਼ ਲਗਾਤਾਰ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।