ਹੈਦਰਾਬਾਦ : IPL 2022 ਵਿੱਚ ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਮੁਕਾਬਲੇਬਾਜ਼ੀ ਅਤੇ ਰੋਮਾਂਚ ਵੀ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਵਾਰ ਇਸ ਟੂਰਨਾਮੈਂਟ ਵਿੱਚ ਦੋ ਨਵੀਆਂ ਟੀਮਾਂ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਇਸ ਵਾਰ ਆਈਪੀਐਲ ਮੈਗਾ ਨਿਲਾਮੀ ਵੀ ਖਾਸ ਰਹੀ, ਜਿੱਥੇ ਲਗਭਗ ਸਾਰੇ ਖਿਡਾਰੀ ਇੱਕ ਵਾਰ ਫਿਰ ਨਿਲਾਮੀ ਵਿੱਚ ਵਿਕਦੇ ਨਜ਼ਰ ਆਏ। ਟੂਰਨਾਮੈਂਟ 'ਚ ਪਹਿਲੀ ਵਾਰ 10 ਫ੍ਰੈਂਚਾਇਜ਼ੀ ਟੀਮਾਂ ਮੈਦਾਨ 'ਤੇ ਉਤਰੀਆਂ ਹਨ ਅਤੇ ਇਸ ਕਾਰਨ ਮੈਚਾਂ ਦੀ ਗਿਣਤੀ ਦੇ ਨਾਲ-ਨਾਲ ਰੋਮਾਂਚ ਵੀ ਸਪੱਸ਼ਟ ਤੌਰ 'ਤੇ ਵਧ ਰਿਹਾ ਹੈ।
ਦੱਸ ਦੇਈਏ ਕਿ ਦਿੱਲੀ ਕੈਪੀਟਲਸ ਨੇ ਬੁੱਧਵਾਰ ਨੂੰ ਪੰਜਾਬ ਕਿੰਗਜ਼ (Punjab Kings) ਨੂੰ ਨੌ ਵਿਕਟਾਂ ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ। ਦਿੱਲੀ ਦਾ ਇਹ ਸਿਰਫ਼ ਛੇਵਾਂ ਮੈਚ ਸੀ ਅਤੇ ਹੁਣ ਉਹ ਅੰਕ ਸੂਚੀ ਵਿੱਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਜਿੱਤ ਤੋਂ ਪਹਿਲਾਂ ਦਿੱਲੀ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਪੰਜਾਬ ਕਿੰਗਜ਼ (PBKS) ਤੋਂ ਹੇਠਾਂ 8ਵੇਂ ਸਥਾਨ 'ਤੇ ਸੀ।
ਅੱਜ ਰਾਤ, ਇਸ ਲੀਗ ਦੀਆਂ ਦੋ ਸਭ ਤੋਂ ਸਫ਼ਲ ਅਤੇ ਚੈਂਪੀਅਨ ਟੀਮਾਂ, ਮੁੰਬਈ ਇੰਡੀਅਨਜ਼ (MI) ਅਤੇ ਚੇਨਈ ਸੁਪਰ ਕਿੰਗਜ਼ (CSK) ਇੱਕ ਦੂਜੇ ਨਾਲ ਭਿੜਨਗੀਆਂ। ਪਰ ਜੇਕਰ ਕੋਈ ਵੀ ਟੀਮ ਇਸ ਮੈਚ ਵਿੱਚ ਜਿੱਤ ਜਾਂਦੀ ਹੈ ਤਾਂ ਅੰਕ ਸੂਚੀ ਦੇ ਸਿਖਰਲੇ 8 ਸਥਾਨਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਚੇੱਨਈ ਦੀ ਟੀਮ ਇਸ ਸੀਜ਼ਨ 'ਚ ਸਿਰਫ ਇਕ ਜਿੱਤ ਦਰਜ ਕਰ ਸਕੀ ਹੈ ਅਤੇ ਉਹ 2 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ, ਜਦਕਿ ਲਗਾਤਾਰ 6 ਮੈਚ ਹਾਰ ਚੁੱਕੀ ਮੁੰਬਈ ਦੀ ਟੀਮ ਅਜੇ ਵੀ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ।