ਹੈਦਰਾਬਾਦ: ਕਿੰਗਜ਼ ਇਲੈਵਨ ਪੰਜਾਬ ਟੀਮ ਦੇ ਸਹਿ ਮਾਲਕ ਨੇਸ ਵਾਡੀਆ ਨੇ ਟੀਮ ਦੇ ਕਪਤਾਨ ਕੇਐੱਲ ਰਾਹੁਲ ਦੀ ਸ਼ਲਾਘਾ ਕੀਤੀ ਹੈ। ਨੇਸ ਵਾਡੀਆ ਨੇ ਕਿਹਾ ਕਿ ਰਾਹੁਲ ਇੱਕ ਆਲਰਾਊਂਡਰ ਖਿਡਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਬਿਹਤਰ ਕਪਤਾਨ ਸਾਬਤ ਹੋਣਗੇ। ਲੋਕੇਸ਼ ਰਾਹੁਲ ਪਹਿਲੀ ਵਾਰ ਆਈਪੀਐਲ ਵਿੱਚ ਕਪਤਾਨੀ ਕਰ ਰਹੇ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਤ ਕੀਤਾ ਹੈ।
ਕ੍ਰਿਕਟ ਦੇ ਗਲਿਆਰੇ ਵਿੱਚ ਵੀ ਉਨ੍ਹਾਂ ਦੀ ਕਪਤਾਨੀ ਦੀ ਸ਼ਲਾਘਾ ਹੋ ਰਹੀ ਹੈ। ਜੇਕਰ ਅਸੀਂ ਰਾਹੁਲ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਉਸ ਦਾ ਵੀ ਕੋਈ ਜਵਾਬ ਨਹੀਂ ਹੈ। ਆਈਪੀਐਲ -13 ਦੌਰਾਨ ਰਾਹੁਲ ਬੇਹੱਦ ਹੀ ਚੰਗੀ ਫ਼ਾਰਮ ਵਿੱਚ ਦਿਖਾਈ ਦੇ ਰਹੇ ਹਨ।
ਰਾਹੁਲ ਨੇ ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿੱਚ 222 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸ਼ਾਨਦਾਰ ਸੈਂਕੜਾ ਸ਼ਾਮਲ ਹੈ। ਉਹ ਇਸ ਸਮੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ ਅਤੇ ਉਨ੍ਹਾਂ ਕੋਲ ਓਰੇਂਜ ਕੈਪ ਵੀ ਹੈ।
ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਨੇਸ ਵਾਡੀਆ ਨੇ ਕਿਹਾ, “ਜਿਵੇਂ ਕਿ ਤੁਹਾਨੂੰ ਯਾਦ ਹੈ, ਅਸੀਂ ਨਿਲਾਮੀ ਵਿੱਚ ਰਾਹੁਲ ਲਈ ਵਧੇਰ ਮਜ਼ਬੂਤ ਸਨ। ਮੈਨੂੰ ਇਸ ਸਮੇਂ ਭਾਰਤੀ ਕ੍ਰਿਕਟ ਵਿੱਚ ਇਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਦਿਖਾਓ। ਉਹ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ, ਉਹ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਉਹ ਛੇਵੇਂ ਨੰਬਰ 'ਤੇ ਵੀ ਖੇਡ ਸਕਦੇ ਹਨ। ”