ਦੁਬਈ: ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ।
ਆਈਪੀਐਲ ਨੇ ਇੱਕ ਬਿਆਨ ਵਿੱਚ ਕਿਹਾ, "ਬੰਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਹੌਲੀ ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ।"
ਬਿਆਨ ਵਿੱਚ ਕਿਹਾ ਗਿਆ ਹੈ ਕਿ ਆਈਪੀਐਲ ਦੇ ਨਿਯਮਾਂ ਅਨੁਸਾਰ ਓਵਰ ਰੇਟ ਨਾਲ ਸਬੰਧਤ ਟੀਮ ਦਾ ਇਹ ਪਹਿਲਾ ਅਪਰਾਧ ਹੈ, ਇਸ ਲਈ ਕੋਹਲੀ ਨੂੰ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਕਿੰਗਜ਼ ਇਲੈਵਨ ਪੰਜਾਬ ਕੋਹਲੀ ਨੇ ਵੀਰਵਾਰ ਨੂੰ ਹੋਏ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 20 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ ਸਨ। ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ 132 ਦੌੜਾਂ ਬਣਾਈਆਂ।ਇਸਦੇ ਨਾਲ ਕੁਝ ਨਵੇਂ ਰਿਕਾਰਡ ਵੀ ਬਣਾਏ। ਉਹ ਭਾਰਤੀ ਆਈਪੀਐਲ ਖੇਡਾਂ ਵਿੱਚ ਘੱਟ ਗੇਂਦਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਬਣ ਗਏ।
ਕੋਹਲੀ ਨੇ ਰਾਹੁਲ ਦੇ ਦੋ ਵਾਰ ਕੈਚ ਛੱਡੇ, ਪਹਿਲਾਂ 17ਵੇਂ ਓਵਰ ਦੇ ਡੀਪ ਸਕਵੇਅਰ ਲੇਗ 'ਤੇ, ਜਦੋਂ ਰਾਹੁਲ 83 ਦੌੜਾਂ ਤੇ ਖੇਡ ਰਹੇ ਸਨ ਅਤੇ ਫਿਰ 18ਵੇਂ ਓਵਰ ਵਿੱਚ ਜਦੋਂ ਉਹ 89 'ਤੇ ਖੇਡ ਰਹੇ ਸਨ। ਇਹ ਦੋਵੇਂ ਕੈਚ ਛੱਡਣ ਕਾਰਨ ਕਿੰਗਜ਼ ਇਲੈਵਨ ਪੰਜਾਬ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ‘ਤੇ 206 ਤੱਕ ਪਹੁੰਚ ਗਿਆ।
ਪੰਜਾਬ ਦੀ ਪਾਰੀ ਇੱਕ ਘੰਟਾ ਅਤੇ 50 ਮਿੰਟ ਤੋਂ ਵੀ ਜ਼ਿਆਦਾ ਚੱਲੀ। 207 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਾਲੀ ਬੰਗਲੁਰੂ 19ਵੇਂ ਓਵਰ ਵਿੱਚ 109 ਦੌੜਾਂ 'ਤੇ ਢੇਰ ਹੋ ਗਈ ਸੀ।
ਬੰਗਲੁਰੂ ਨੂੰ ਸੋਮਵਾਰ ਨੂੰ ਆਪਣੇ ਅਗਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ ਖੇਡਣਾ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਪੰਜਾਬ ਦਾ ਰਾਜਸਥਾਨ ਰਾਇਲਜ਼ ਨਾਲ ਮੁਕਾਬਲਾ ਹੋਣਾ ਹੈ।