ਸ਼ਾਰਜਾਹ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਵਿੱਚ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਵਿੱਚ ਦੌੜਾਂ ਦੀ ਬਾਰਸ਼ ਵੇਖਣ ਨੂੰ ਮਿਲੀ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ, ਤਾਂ ਰਾਜਸਥਾਨ ਵੀ ਪਿੱਛੇ ਨਹੀਂ ਰਹੀ ਅਤੇ 19.3 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਪੰਜਾਬ ਦੇ ਮਯੰਕ ਅਗਰਵਾਲ (50 ਗੇਂਦਾਂ 'ਚ 106 ਦੌੜਾਂ, 10 ਚੌਕੇ, 7 ਛੱਕੇ) ਅਤੇ ਕਪਤਾਨ ਲੋਕੇਸ਼ ਰਾਹੁਲ (54 ਗੇਂਦਾਂ 'ਚ 69 ਦੌੜਾਂ, 7 ਚੌਕੇ ਤੇ ਇੱਕ ਛੱਕਾ) ਦਾ ਬੱਲਾ ਖੂਬ ਚੱਲਿਆ। ਰਾਜਸਥਾਨ ਵੱਲੋਂ ਸੰਜੂ ਸੈਮਸਨ (42 ਗੇਂਦਾਂ 'ਚ 85 ਦੌੜਾਂ, 4 ਚੌਕੇ ਤੇ 7 ਛੱਕੇ) ਅਤੇ ਕਪਤਾਨ ਸਟੀਵ ਸਮਿਥ (27 ਗੇਂਦਾਂ 'ਚ 50 ਦੌੜਾਂ, 7 ਚੌਕੇ ਤੇ 2 ਛੱਕੇ) ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ ਅਤੇ ਜਿੱਤ ਦੀ ਨੀਂਹ ਰੱਖੀ।
ਸੈਮਸਨ ਦੇ ਆਊਟ ਹੋਣ ਤੋਂ ਬਾਅਦ ਲੱਗ ਰਿਹਾ ਸੀ ਕਿ ਰਾਜਸਥਾਨ ਮੈਚ ਹਾਰ ਜਾਵੇਗੀ। ਉਦੋਂ ਹੀ ਹੌਲੀ ਖੇਡ ਰਹੇ ਰਾਹੁਲ ਤੇਵਤੀਆ ਨੇ ਸ਼ੈਲਡਨ ਕੋਟਰਲ ਦੇ 18ਵੇਂ ਓਵਰ ਵਿੱਚ ਪੰਜ ਛੱਕੇ ਲਗਾਉਂਦੇ ਹੋਏ ਸਾਰੀ ਕਹਾਣੀ ਪਲਟ ਕਰ ਰੱਖ ਦਿੱਤੀ। ਆਖ਼ਰੀ ਦੋ ਓਵਰਾਂ ਵਿੱਚ ਰਾਜਸਥਾਨ ਨੂੰ 21 ਦੌੜਾਂ ਦੀ ਜ਼ਰੂਰਤ ਸੀ। ਮੁਹੰਮਦ ਸ਼ਮੀ ਨੇ ਪਹਿਲੀ ਗੇਂਦ 'ਤੇ ਰਾਬਿਨ ਉਥੱਪਾ ਨੂੰ ਆਊਟ ਕਰ ਦਿੱਤਾ, ਪਰ ਨਵੇਂ ਬੱਲੇਬਾਜ਼ ਜੋਫਰਾ ਆਰਚਰ ਨੇ ਸ਼ਮੀ ਨੂੰ ਦੋ ਛੱਕੇ ਮਾਰ ਕੇ ਰਾਜਸਥਾਨ ਨੂੰ ਜਿੱਤ ਦੇ ਕੰਢੇ ਖੜਾ ਕਰ ਦਿੱਤਾ। ਓਵਰ ਵਿੱਚ ਸ਼ਮੀ ਨੂੰ ਤੇਵਤੀਆ ਨੇ ਇੱਕ ਹੋਰ ਛੱਕਾ ਜੜਿਆ ਅਤੇ ਅਗਲੀ ਗੇਂਦ 'ਤੇ ਆਊਟ ਹੋ ਗਿਆ। ਤੇਵਤੀਆ ਨੇ 31 ਗੇਂਦਾਂ ਦੀ ਪਾਰੀ ਵਿੱਚ 7 ਛੱਕੇ ਮਾਰਦੇ ਹੋਏ 53 ਦੌੜਾਂ ਬਣਾਈਆਂ।
ਆਖ਼ਰੀ ਓਵਰ ਵਿੱਚ ਰਾਜਸਥਾਨ ਨੂੰ ਜਿੱਤ ਲਈ ਦੋ ਦੌੜਾਂ ਚਾਹੀਦੀਆਂ ਸਨ। ਓਵਰ ਦੀ ਤੀਜੀ ਗੇਂਦ 'ਤੇ ਟਾਮ ਕਰਨ ਨੇ ਚੌਕਾ ਮਾਰ ਕੇ ਰਾਜਸਥਾਨ ਨੂੰ ਜਿੱਤ ਦਿਵਾਈ। ਪੰਜਾਬ ਵੱਲੋਂ ਇਸ ਮੈਚ ਵਿੱਚ ਬਣਾਈਆਂ ਦੌੜਾਂ ਆਈਪੀਐਲ ਦੇ ਇਸ ਸੀਜ਼ਨ ਦਾ ਸੱਭ ਤੋਂ ਵੱਡਾ ਟੀਚਾ ਸੀ, ਜਿਸ ਨੂੰ ਕੁੱਝ ਘੰਟਿਆਂ ਬਾਅਦ ਰਾਜਸਥਾਨ ਨੇ ਆਪਣੇ ਨਾਂਅ ਕਰ ਲਿਆ।