ਦੁਬਈ: ਕੋਲਕਾਤਾ ਨਾਈਟ ਰਾਈਡਰਜ਼ ਨੇ ਬੁੱਧਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ ਸੀਜ਼ਨ 13 ਦੇ 12ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਦੇ ਫ਼ਰਕ ਨਾਲ ਹਰਾ ਦਿੱਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਅੱਗੇ 175 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਰਾਜਸਥਾਨ ਬੱਲੇਬਾਜ਼ਾਂ ਦੇ ਘਟੀਆ ਪ੍ਰਦਰਸ਼ਨ ਸਦਕਾ 9 ਵਿਕਟਾਂ 'ਤੇ 137 ਦੌੜਾਂ ਹੀ ਬਣਾ ਸਕੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ ਰਾਜਸਥਾਨ ਅੱਗੇ 175 ਦੌੜਾਂ ਦੀ ਚੁਨੌਤੀ ਰੱਖੀ। ਪਿਛਲੇ ਦੋ ਮੈਚਾਂ ਵਿੱਚ ਰਾਜਸਥਾਨ ਨੇ ਜਿਵੇਂ ਪ੍ਰਦਰਸ਼ਨ ਕੀਤਾ ਸੀ, ਉਸ ਨੂੰ ਵੇਖ ਕੇ ਲਗਦਾ ਸੀ ਕਿ ਰਾਜਸਥਾਨ ਜਿੱਤ ਦੀ ਹੈਟ੍ਰਿਕ ਲਗਾ ਸਕਦਾ ਹੈ, ਪਰ ਦਿਨੇਸ਼ ਕਾਰਤਿਕ ਦੀ ਵਧੀਆ ਕਪਤਾਨੀ ਨੇ ਰਾਜਸਥਾਨ ਨੂੰ 20 ਓਵਰਾਂ ਵਿੱਚ 9 ਵਿਕਟਾਂ 'ਤੇ 137 ਦੌੜਾਂ 'ਤੇ ਰੋਕ ਦਿੱਤਾ ਅਤੇ ਆਪਣੀ ਟੀਮ ਨੂੰ ਮੈਚ ਜਿਤਾਇਆ।
ਕੋਲਕਾਤਾ ਦੀ ਜਿੱਤ ਦੇ ਨਾਇਕ ਦੋ ਨੌਜਵਾਨ ਗੇਂਦਬਾਜ਼ ਸ਼ਿਵਮ ਮਾਵੀ ਅਤੇ ਕਮਲੇਸ਼ ਨਾਗਰਕੋਟੀ ਰਹੇ। ਮਾਵੀ ਨੇ ਚਾਰ ਓਵਰਾਂ ਵਿੱਚ 20 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਨਾਗਰਕੋਟ ਨੇ ਚਾਰ ਓਵਰਾਂ ਵਿੱਚ ਸਿਰਫ਼ 13 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ।
ਚੁਨੌਤੀ ਭਰੇ ਟੀਚੇ ਦਾ ਸਾਹਮਣਾ ਕਰਨ ਉਤਰੀ ਰਾਜਸਥਾਨ ਨੇ ਦੂਜੇ ਓਵਰ ਵਿੱਚ ਹੀ ਪੈਟ ਕਮਿੰਸ ਦੇ ਹੱਥੋਂ ਕਪਤਾਨ ਸਟੀਮ ਸਮਿੱਥ (3) ਦੀ ਵਿਕਟ ਗੁਆ ਦਿੱਤੀ। ਬੱਲੇਬਾਜ਼ੀ ਲਈ ਆਇਆ ਸੰਜੂ ਸੈਮਸਨ ਵੀ 8 ਦੌੜਾਂ ਹੀ ਬਣਾ ਸਕਿਆ ਅਤੇ ਮਾਵੀ ਦੀ ਗੇਂਦ 'ਤੇ ਸੁਨੀਲ ਨਰਾਇਣ ਨੂੰ ਕੈਚ ਦੇ ਬੈਠਾ। ਬਟਲਰ (21) ਨੂੰ ਆਊਟ ਕਰਕੇ ਮਾਵੀ ਨੇ ਰਾਜਸਥਾਨ ਨੂੰ ਤੀਜਾ ਝਟਕਾ ਦਿੱਤਾ।
ਮਾਵੀ ਦੇ ਸਾਥੀ ਨਾਗਰਕੋਟੀ ਨੇ ਰਾਜਸਥਾਨ ਦੇ ਇੱਕ ਹੋਰ ਤਜ਼ਰਬੇਕਾਰ ਬੱਲੇਬਾਜ਼ ਰਾਬਿਨ ਉਥੱਪਾ ਨੂੰ 2 ਦੌੜਾਂ 'ਤੇ ਆਊਟ ਕੀਤਾ ਅਤੇ ਨੌਜਵਾਨ ਰਿਆਨ ਪਰਾਗ ਨੂੰ ਵੀ ਆਪਣੇ ਖਾਤੇ ਵਿੱਚ ਸੁੱਟ ਲਿਆ। ਪਿਛਲੇ ਮੈਚ ਵਿੱਚ 5 ਛੱਕੇ ਲਗਾਉਣ ਵਾਲਾ ਰਾਹੁਲ ਤੇਵਤੀਆ ਵੀ 14 ਦੌੜਾਂ ਹੀ ਬਣਾ ਸਕਿਆ, ਜਿਸ ਨੂੰ ਵਰੁਣ ਚਕਰਵਰਤੀ ਨੇ ਆਊਟ ਕੀਤਾ।