ਵਿਸ਼ਾਖ਼ਾਪਟਨਮ : ਪਿਛਲੇ ਸਾਲ ਦੀ ਜੇਤੂ ਚੇਨੱਈ ਸੁਪਰ ਕਿੰਗਜ਼ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਕੁਆਲੀਫ਼ਾਈਰ-2 ਵਿੱਚ ਦਿੱਲੀ ਕੈਪਿਟਲਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦੇ ਫ਼ਾਇਨਲ ਵਿੱਚ ਜਗ੍ਹਾ ਬਣਾ ਲਈ ਹੈ।
ਕੁਆਲੀਫ਼ਾਇਰ-1 ਵਿੱਚ ਮੁੰਬਈ ਇੰਡੀਅਨਜ਼ ਤੋਂ ਹਾਰ ਕੇ ਕੁਆਲੀਫ਼ਾਇਰ-2 ਖੇਡਣ ਲਈ ਮਜ਼ਬੂਰ ਹੋਈ ਚੇਨੱਈ ਟੀਮ ਨੇ ਇਸ ਮੈਚ ਵਿੱਚ ਪਹਿਲੀ ਵਾਰ ਫ਼ਾਇਨਲ ਵਿੱਚ ਜਾਣ ਦੀ ਜੁਗਤ ਵਿੱਚ ਰੱਖੀ ਦਿੱਲੀ ਨੂੰ ਕਦੇ ਵੀ ਆਪਣੇ ਉੱਪਰ ਭਾਰੀ ਨਹੀਂ ਪੈਣ ਦਿੱਤਾ।
ਟਾਸ ਜਿੱਤ ਕੇ ਗੇਂਦਬਾਜ਼ੀ ਚੁਣਨ ਵਾਲੀ ਚੇਨੱਈ ਨੇ ਆਪਣੇ ਗੇਂਦਬਾਜ਼ਾਂ ਦੇ ਸੰਯੁਕਤ ਪ੍ਰਦਰਸ਼ਨ ਦੇ ਦਮ ਨਾਲ ਦਿੱਲੀ ਨੂੰ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਨਾਲ 147 ਦੌੜਾਂ ਤੇ ਹੀ ਰੋਕ ਦਿੱਤਾ।
ਡਾ.ਵਾਈਐੱਸ ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਮੈਦਾਨ 'ਤੇ ਖੇਡੇ ਗਏ ਇਸ ਮੈਚ ਵਿੱਚ ਚੇਨੱਈ ਲਈ ਫਾਫ ਡੂ ਪਲੇਸਿਸ ਅਤੇ ਸ਼ੇਨ ਵਾਟਸਨ ਨੇ 50-50 ਦੌੜਾਂ ਬਣਾਈਆਂ। ਡੂ ਪਲੇਸਿਸ ਨੇ 39 ਗੇਂਦਾਂ ਤੇ 7 ਚੌਕੇ ਤੇ 1 ਛੱਕਾ ਮਾਰਿਆ। ਵਾਟਸਨ ਦੀ 32 ਗੇਂਦਾਂ ਦੀ ਪਾਰੀ ਵਿੱਚ 3 ਚੌਕੇ ਅਤੇ 4 ਛੱਕੇ ਸ਼ਾਮਲ ਹਨ।
ਚੇਨੱਈ 8ਵੀਂ ਵਾਰ ਫ਼ਾਇਨਲ ਵਿੱਚ ਥਾਂ ਬਣਾਉਣ ਵਿੱਚ ਸਫ਼ਲ ਰਹੀ ਹੈ, ਜਿਥੇ ਉਸਦਾ ਸਾਹਮਣਾ 3 ਵਾਰ ਦੇ ਜੇਤੂ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਚੇਨੱਈ ਅਤੇ ਮੁੰਬਈ ਟੀਮ ਚੌਥੀ ਵਾਰ ਆਈਪੀਐੱਲ ਫ਼ਾਇਨਲ ਵਿੱਚ ਖੇਡੇਗੀ।