ਨਵੀਂ ਦਿੱਲੀ: ਵਿਸ਼ਵ ਕੱਪ ਦੇ ਜੇਤੂ ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਸੰਨਿਆਸ ਲੈਣ ਦੇ ਫ਼ੈਸਲੇ ਨੂੰ ਬਦਲਕੇ ਦੁਬਾਰਾ ਘਰੇਲੂ ਕ੍ਰਿਕਟ ਖੇਡਣ ਦੇ ਰਾਹ 'ਤੇ ਚੱਲ ਰਹੇ ਹਨ। ਉਸ ਨੂੰ ਅਗਲੇ ਮਹੀਨੇ ਹੋਣ ਵਾਲੇ ਸਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 'ਚ ਪੰਜਾਬ ਦੇ 30 ਸੰਭਾਵਿਤ ਖਿਡਾਰੀਆਂ 'ਚ ਸ਼ਾਮਿਲ ਕੀਤਾ ਗਿਆ ਹੈ।
ਯੁਵਰਾਜ, ਜੋ ਵਿਸ਼ਵ ਕੱਪ 2011 ਦਾ 'ਪਲੇਅਰ ਆਫ਼ ਟੂਰਨਾਮੈਂਟ' ਸੀ, ਨੇ ਪਿਛਲੇ ਸਾਲ ਜੂਨ ਵਿੱਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ, ਪਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਪੁਨੀਤ ਬਾਲੀ ਦੇ ਕਹਿਣ 'ਤੇ ਉਹ ਆਪਣੇ ਸੂਬੇ ਲਈ ਖੇਡਣ ਲਈ ਰਾਜ਼ੀ ਹੋ ਗਏ।
39 ਸਾਲਾ ਯੁਵਰਾਜ, ਜਿਸ ਨੇ ਭਾਰਤ ਲਈ 304 ਵਨਡੇ, 40 ਟੈਸਟ ਅਤੇ 58 ਟੀ 20 ਮੈਚ ਖੇਡੇ ਹਨ, ਇਨ੍ਹੀਂ ਦਿਨੀਂ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਅਭਿਆਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਪਾ ਦਿੱਤੀ ਹੈ। ਆਪਣੀ ਰਿਟਾਇਰਮੈਂਟ ਤੋਂ ਬਾਅਦ, ਯੁਵਰਾਜ ਨੇ ਕੈਨੇਡਾ 'ਚ ਗਲੋਬਲ ਟੀ -20 ਲੀਗ ਵਿੱਚ ਹਿੱਸਾ ਲਿਆ ਸੀ।