ਨਵੀਂ ਦਿੱਲੀ: ਸ਼੍ਰੀਲੰਕਾ ਖਿਲਾਫ ਇਸ ਸਾਲ ਜੁਲਾਈ ਵਿਚ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਟੀਮ ਦੇ ਓਪਨਰ ਸ਼ਿਖਰ ਧਵਨ ਇਸ ਲੜੀ ਵਿਚ ਟੀਮ ਇੰਡੀਆ ਦੀ ਕਪਤਾਨੀ ਕਰਨਗੇ ਜਦਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸੀਨੀਅਰ ਚੋਣ ਕਮੇਟੀ ਨੇ 13 ਤੋਂ 25 ਜੁਲਾਈ ਤੱਕ ਹੋਣ ਵਾਲੇ ਤਿੰਨ ਵਨ-ਡੇਅ ਅਤੇ ਤਿੰਨ ਟੀ -20 ਮੈਚਾਂ ਦੀ ਇਸ ਲੜੀ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ।
ਇਸ ਲੜੀ ਦੇ ਸਾਰੇ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ।
ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਪਹਿਲਾ ਵਨ-ਡੇਅ ਮੈਚ 13 ਜੁਲਾਈ ਨੂੰ, ਜਦਕਿ ਦੂਜਾ ਅਤੇ ਤੀਜਾ ਵਨ-ਡੇਅ ਕ੍ਰਮਵਾਰ 16 ਅਤੇ 18 ਜੁਲਾਈ ਨੂੰ ਖੇਡਿਆ ਜਾਵੇਗਾ। ਵਨ-ਡੇਅ ਸੀਰੀਜ਼ ਦੇ ਬਾਅਦ 21, 23 ਅਤੇ 25 ਜੁਲਾਈ ਨੂੰ ਤਿੰਨ ਟੀ -20 ਮੈਚ ਹੋਣਗੇ।
ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ, ਭਾਰਤੀ ਟੈਸਟ ਟੀਮ ਅਗਸਤ-ਸਤੰਬਰ ਵਿਚ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ, ਇਸ ਲਈ ਧਵਨ ਨੂੰ ਸ੍ਰੀਲੰਕਾ ਦੌਰੇ ਲਈ ਕਪਤਾਨ ਬਣਾਇਆ ਗਿਆ ਹੈ। ਧਵਨ ਤੋਂ ਇਲਾਵਾ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ: ਸ਼ਿਖਰ ਧਵਨ (ਕਪਤਾਨ), ਪ੍ਰਿਥਵੀ ਸ਼ਾ, ਦੇਵਦੱਤ ਪਦਿਕਲ, ਰੁਤੁਰਾਜ ਗਾਇਕਵਾੜ, ਸੂਰਯਕੁਮਾਰ ਯਾਦਵ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਨਿਤੀਸ਼ ਰਾਣਾ, ਈਸ਼ਾਨ ਕਿਸ਼ਨ (ਡਬਲਯੂ ਕੇ), ਸੰਜੂ ਸੈਮਸਨ (ਡਬਲਯੂ ਕੇ), ਯੁਜਵੇਂਦਰ ਚਾਹਲ, ਰਾਹੁਲ ਚਾਹਰ, ਕੇ. ਗੌਤਮ, ਕ੍ਰੂਨਾਲ ਪਾਂਡਿਆ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਭੁਵਨੇਸ਼ਵਰ ਕੁਮਾਰ (ਉਪ-ਕਪਤਾਨ), ਦੀਪਕ ਚਾਹਰ, ਨਵਦੀਪ ਸੈਣੀ ਅਤੇ ਚੇਤਨ ਸਾਕਰੀਆ
ਨੈਟ ਗੇਂਦਬਾਜ਼: ਈਸ਼ਾਨ ਪੋਰੇਲ, ਸੰਦੀਪ ਵਾਰੀਅਰ, ਅਰਸ਼ਦੀਪ ਸਿੰਘ, ਸਾਈ ਕਿਸ਼ੋਰ ਅਤੇ ਸਿਮਰਨਜੀਤ ਸਿੰਘ