ਲੰਡਨ/ਚੰਡੀਗੜ੍ਹ: ਭਾਰਤੀ ਮਹਿਲਾ ਟੀਮ ਨੇ ਸ਼ਨੀਵਾਰ ਨੂੰ ਸੀਰੀਜ਼ ਦੇ ਤੀਜੇ ਅਤੇ ਆਖਰੀ ਵਨ ਡੇ 'ਚ ਮੇਜ਼ਬਾਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤੀ ਟੀਮ ਨੇ ਸੀਰੀਜ਼ 3-0 ਨਾਲ ਜਿੱਤ ਲਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਜਿੱਤ 'ਤੇ ਵਧਾਈ ਦਿੱਤੀ ਗਈ।
ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਕਰਦੇ ਹੋਏ ਭਾਰਤੀ ਟੀਮ ਨੇ ਲਾਰਡਸ ਵਿੱਚ ਨਿਯਮਤ ਅੰਤਰਾਲਾਂ 'ਤੇ ਵਿਕਟਾਂ ਗੁਆ ਦਿੱਤੀਆਂ ਅਤੇ ਪੂਰੀ ਟੀਮ 45.4 ਓਵਰਾਂ ਵਿੱਚ 169 ਦੌੜਾਂ 'ਤੇ ਆਊਟ ਹੋ ਗਈ। ਇਹ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਆਖਰੀ ਅੰਤਰਰਾਸ਼ਟਰੀ ਮੈਚ ਸੀ। 170 ਦੌੜਾਂ ਦੇ ਟੀਚੇ ਦੇ ਜਵਾਬ 'ਚ ਇੰਗਲੈਂਡ ਦੀ ਸ਼ੁਰੂਆਤ ਧੀਮੀ ਰਹੀ। ਟੀਮ ਨੂੰ ਪਹਿਲਾ ਝਟਕਾ 8ਵੇਂ ਓਵਰ 'ਚ ਲੱਗਾ। ਐਮਾ ਲੈਂਬ 21 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਇਲਾਵਾ ਐਮੀ ਜੋਨਸ ਨੇ 28 ਅਤੇ ਸ਼ਾਰਲੋਟ ਡੀਨ ਨੇ 47 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਰੇਣੂਕਾ ਸਿੰਘ ਨੇ 4 ਵਿਕਟਾਂ ਲਈਆਂ। ਝੂਲਨ ਨੇ 10 ਓਵਰਾਂ 'ਚ 30 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਟੀਮ 43.4 ਓਵਰਾਂ 'ਚ 153 ਦੌੜਾਂ 'ਤੇ ਆਲ ਆਊਟ ਹੋ ਗਈ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਟੀਮ ਨੂੰ ਜਿੱਤ 'ਤੇ ਵਧਾਈ ਦਿੱਤੀ ਗਈ। ਇਸ ਮੌਕੇ ਸੀਐਮ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਸ਼ਾਬਾਸ਼…23 ਸਾਲ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਦੀ ਧਰਤੀ ‘ਤੇ ਇੱਕ ਰੋਜ਼ਾ ਲੜੀ ਜਿੱਤੀ…ਟੀਮ ਦੀ ਕਪਤਾਨ ਪੰਜਾਬ ਦੀ ਸ਼ਾਨ @ImHarmanpreet ਸਮੇਤ ਸਾਰੀ ਟੀਮ ਨੂੰ ਵਧਾਈਆਂ…ਤਿੰਨੋਂ ਮੈਚਾਂ ‘ਚ ਬਹੁਤ ਵਧੀਆ ਖੇਡ ਦਿਖਾਈ…ਕੋਚ ਸਾਹਿਬਾਨ ਨੂੰ ਵੀ ਢੇਰ ਸਾਰੀਆਂ ਵਧਾਈਆਂ…ਭਵਿੱਖ ਲਈ ਸ਼ੁਭਕਾਮਨਾਵਾਂ…ਚੱਕਦੇ ਇੰਡੀਆ…!
ਵਨਡੇ ਕ੍ਰਿਕਟ 'ਚ ਪਹਿਲੀ ਵਾਰ ਟੀਮ ਨੇ ਅੰਗਰੇਜ਼ਾਂ ਨੂੰ ਉਨ੍ਹਾਂ ਦੇ ਘਰ 'ਚ ਚਿੱਤ ਕੀਤਾ। ਭਾਰਤੀ ਮਹਿਲਾ ਕ੍ਰਿਕਟ ਨੇ ਦੂਜੀ ਵਾਰ ਇੰਗਲੈਂਡ ਨੂੰ ਕਲੀਨ ਸਵੀਪ ਕੀਤਾ ਹੈ। ਇਸ ਤੋਂ ਪਹਿਲਾਂ 2001/02 'ਚ ਟੀਮ ਨੇ ਇੰਗਲੈਂਡ ਨੂੰ ਘਰੇਲੂ ਮੈਦਾਨ 'ਤੇ 5-0 ਨਾਲ ਹਰਾਇਆ ਸੀ। ਮੈਚ ਮੈਨਕੇਡਿੰਗ ਨਾਲ ਸਮਾਪਤ ਹੋਇਆ। ਸ਼ਾਰਲੋਟ ਡੀਨ ਗੇਂਦ ਸੁੱਟਣ ਤੋਂ ਪਹਿਲਾਂ ਕ੍ਰੀਜ਼ ਤੋਂ ਬਾਹਰ ਚਲੀ ਗਈ ਅਤੇ ਦੀਪਤੀ ਸ਼ਰਮਾ ਨੇ ਉਸ ਨੂੰ ਆਊਟ ਕਰ ਦਿੱਤਾ।
ਇਹ ਵੀ ਪੜ੍ਹੋ:ਰੋਜਰ ਫੈਡਰਰ ਨੇ ਕਰੀਅਰ ਦਾ ਖੇਡਿਆ ਆਖਰੀ ਮੈਚ, ਮਹਾਨ ਖਿਡਾਰੀ ਨੂੰ ਆਖਰੀ ਮੈਚ ਵਿੱਚ ਮਿਲੀ ਹਾਰ, ਅੱਖਾਂ ਹੋਈਆਂ ਨਮ