ਨਵੀਂ ਦਿੱਲੀ: ਵਿਸ਼ਵ ਕੱਪ 'ਚ ਖੇਡਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਦੀ ਟੀਮ ਵਿੱਚ ਜ਼ਿਆਦਾਤਰ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ, ਜਿਨ੍ਹਾਂ ਨੇ ਐਨਸੀਏ ਵਿੱਚ ਕੈਂਪ ਕੀਤਾ ਸੀ ਅਤੇ ਏਸ਼ੀਆ ਕੱਪ 2023 ਖੇਡਣ ਵਾਲੀ ਟੀਮ ਦਾ ਹਿੱਸਾ ਸਨ। ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਸਿਹਤ ਜਾਂਚ ਤੋਂ ਬਾਅਦ ਇਕ ਵਾਰ ਫਿਰ ਫਿੱਟ ਐਲਾਨੇ ਗਏ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ।
ਅੱਜ ਦੁਪਹਿਰ 1:30 ਵਜੇ ਟੀਮ ਦਾ ਐਲਾਨ ਕਰਦਿਆਂ ਟੀਮ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਟੀਮ ਬਾਰੇ ਜਾਣਕਾਰੀ ਸਾਂਝੀ ਕੀਤੀ।
ਵਿਸ਼ਵ ਕੱਪ 2023 ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਸ਼ੁਭਮਨ ਗਿੱਲ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਅਕਸ਼ਰ ਪਟੇਲ ਅਤੇ ਸ਼ਾਰਦੁਲ ਠਾਕੁਰ।
ਅੱਜ ਐਲਾਨੀ ਗਈ ਟੀਮ ਵਿੱਚ ਰੋਹਿਤ ਸ਼ਰਮਾ ਤੋਂ ਇਲਾਵਾ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ, ਇਸ਼ਾਨ ਕਿਸ਼ਨ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀਆਂ ਦੇ ਨਾਂ ਪਹਿਲਾਂ ਹੀ ਤੈਅ ਹੋ ਚੁੱਕੇ ਸਨ। ਉਨ੍ਹਾਂ ਦੇ ਪ੍ਰਦਰਸ਼ਨ ਅਤੇ ਟੀਮ ਦੇ ਸੁਮੇਲ ਦੇ ਆਧਾਰ 'ਤੇ ਕੁਝ ਹੀ ਹੋਰ ਖਿਡਾਰੀਆਂ ਨੂੰ ਮੌਕਾ ਮਿਲਿਆ ਹੈ। ਏਸ਼ੀਆ ਕੱਪ 'ਚ ਖੇਡਣ ਲਈ ਚੁਣੇ ਗਏ ਖਿਡਾਰੀਆਂ 'ਚ ਤਿਲਕ ਵਰਮਾ, ਸੰਜੂ ਸੈਮਸਨ ਅਤੇ ਪ੍ਰਸਿਧ ਕ੍ਰਿਸ਼ਨਾ ਨੂੰ ਵਿਸ਼ਵ ਕੱਪ ਟੀਮ 'ਚ ਮੌਕਾ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਯੁਜਵੇਂਦਰ ਚਾਹਲ ਵੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ ਹਨ।