ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਕੇ.ਐੱਲ.ਰਾਹੁਲ ਜਦੋਂ ਤੋਂ ਸੱਟ ਤੋਂ ਬਾਅਦ ਟੀਮ 'ਚ ਵਾਪਸੀ ਕੀਤੀ ਹੈ, ਉਦੋਂ ਤੋਂ ਹੀ ਉਹ ਇਕ ਵੱਖਰੇ ਰੂਪ 'ਚ ਨਜ਼ਰ ਆ ਰਹੇ ਹਨ। ਰਾਹੁਲ ਨੂੰ ਅਕਸਰ ਕਈ ਮੌਕਿਆਂ 'ਤੇ ਪ੍ਰਸ਼ੰਸਕਾਂ ਦੁਆਰਾ ਟ੍ਰੋਲ ਕੀਤਾ ਜਾਂਦਾ ਹੈ। ਸੱਟ ਕਾਰਨ ਉਨ੍ਹਾਂ ਨੂੰ ਕਈ ਵਾਰ ਟੀਮ ਤੋਂ ਬਾਹਰ ਹੋਣਾ ਪਿਆ ਹੈ, ਇਸ ਮਾਮਲੇ ਨੂੰ ਲੈ ਕੇ ਕਈ ਵਾਰ ਸੋਸ਼ਲ ਮੀਡੀਆ 'ਤੇ ਟ੍ਰੋਲਰਸ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਰਾਹੁਲ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਇਸ ਮਾਮਲੇ ਨੂੰ ਲੈ ਕੇ ਆਪਣਾ ਦਰਦ ਜ਼ਾਹਿਰ ਕੀਤਾ ਸੀ। ਪਰ ਹੁਣ ਜਦੋਂ ਕੇਐਲ ਰਾਹੁਲ ਨੇ 6 ਮਹੀਨਿਆਂ ਬਾਅਦ ਵਾਪਸੀ ਕੀਤੀ ਹੈ, ਉਨ੍ਹਾਂ ਦਾ ਬੱਲਾ ਆਪਣੇ ਸਿਖਰ 'ਤੇ ਹੈ। ਇਸ ਸਮੇਂ ਉਨ੍ਹਾਂ ਦੇ ਆਲੋਚਕ ਵੀ ਰਾਹੁਲ ਦੀ ਤਾਰੀਫ ਕਰ ਰਹੇ ਹਨ।
ਆਈਪੀਐਲ ਦੌਰਾਨ ਫੀਲਡਿੰਗ ਕਰਦੇ ਸਮੇਂ ਕੇਐਲ ਰਾਹੁਲ ਜ਼ਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋਈ ਅਤੇ ਉਨ੍ਹਾਂ ਦੇ ਠੀਕ ਹੋਣ 'ਚ ਕਾਫੀ ਸਮਾਂ ਲੱਗਾ। ਰਾਹੁਲ ਨੇ ਏਸ਼ੀਆ ਕੱਪ 'ਚ ਭਾਰਤ ਲਈ ਵਾਪਸੀ ਕੀਤੀ ਪਰ ਸ਼ੁਰੂਆਤੀ ਮੈਚ ਨਹੀਂ ਖੇਡੇ। ਉਸ ਨੂੰ ਏਸ਼ੀਆ ਕੱਪ 2023 ਵਿੱਚ ਪਾਕਿਸਤਾਨ ਖ਼ਿਲਾਫ਼ ਸਿੱਧਾ ਮੈਚ ਖੇਡਣ ਦਾ ਮੌਕਾ ਮਿਲਿਆ। ਇਸ ਮੈਚ 'ਚ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਇਆ। ਏਸ਼ੀਆ ਕੱਪ 2023 ਤੋਂ ਬਾਅਦ ਰਾਹੁਲ ਨੇ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਸ਼ਵ ਕੱਪ ਦੇ ਪਹਿਲੇ ਹੀ ਮੈਚ 'ਚ ਰਾਹੁਲ ਨੇ ਮੁਸ਼ਕਿਲ ਹਾਲਾਤ 'ਚ ਵਿਰਾਟ ਕੋਹਲੀ ਨਾਲ 165 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕਰ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਧਮਾਕੇਦਾਰ ਪਾਰੀ ਖੇਡੀ।
ਰਾਹੁਲ ਨੇ ਵਨਡੇ ਰੈਂਕਿੰਗ 'ਚ ਮਾਰੀ ਵੱਡੀ ਛਾਲ:ਆਈਸੀਸੀ ਰੈਂਕਿੰਗ ਵਿੱਚ ਕੇਐਲ ਰਾਹੁਲ ਨੂੰ ਇਸ ਸ਼ਾਨਦਾਰ ਖੇਡ ਦਾ ਇਨਾਮ ਮਿਲਿਆ ਹੈ। ਆਪਣੇ ਦਮਦਾਰ ਪ੍ਰਦਰਸ਼ਨ ਦੇ ਦਮ 'ਤੇ ਉਸ ਨੇ ਆਈਸੀਸੀ ਵਨਡੇ ਰੈਂਕਿੰਗ 'ਚ ਵੱਡੀ ਛਾਲ ਮਾਰੀ ਹੈ। ਰਾਹੁਲ ਏਸ਼ੀਆ ਕੱਪ 2023 ਵਿਚ ਵਾਪਸੀ ਤੋਂ ਪਹਿਲਾਂ ਆਈਸੀਸੀ ਵਨਡੇ ਰੈਂਕਿੰਗ ਵਿਚ 49ਵੇਂ ਸਥਾਨ 'ਤੇ ਸਨ। ਪਰ ਹੁਣ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਉਹ ਆਈਸੀਸੀ ਵਨਡੇ ਰੈਂਕਿੰਗ 'ਚ 19ਵੇਂ ਸਥਾਨ 'ਤੇ ਆ ਗਿਆ ਹੈ। ਰਾਹੁਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ 30 ਅੰਕਾਂ ਦੀ ਸ਼ਾਨਦਾਰ ਛਾਲ ਮਾਰੀ ਹੈ।
ਵਾਪਸੀ ਤੋਂ ਬਾਅਦ ਰਾਹੁਲ ਦਾ ਧਮਾਕੇਦਾਰ ਪ੍ਰਦਰਸ਼ਨ: ਏਸ਼ੀਆ ਕੱਪ 2023 ਵਿੱਚ ਆਪਣੇ ਵਾਪਸੀ ਮੈਚ ਵਿੱਚ ਰਾਹੁਲ ਨੇ ਪਾਕਿਸਤਾਨ ਖ਼ਿਲਾਫ਼ 116 ਗੇਂਦਾਂ ਵਿੱਚ 12 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 111 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਬਾਅਦ ਉਸ ਨੇ ਸ਼੍ਰੀਲੰਕਾ ਖਿਲਾਫ ਅਗਲੇ ਮੈਚ 'ਚ 29 ਦੌੜਾਂ ਬਣਾਈਆਂ। ਬੰਗਲਾਦੇਸ਼ ਖਿਲਾਫ 19 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਸਟ੍ਰੇਲੀਆ ਸੀਰੀਜ਼ 'ਚ ਰਾਹੁਲ ਨੇ ਪਹਿਲੇ ਮੈਚ 'ਚ 58 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤਰ੍ਹਾਂ ਦੂਜੇ ਮੈਚ 'ਚ ਰਾਹੁਲ ਨੇ 52 ਦੌੜਾਂ ਦੀ ਪਾਰੀ ਖੇਡੀ। ਇਸ ਸੀਰੀਜ਼ ਦੇ ਤੀਜੇ ਮੈਚ 'ਚ ਉਸ ਨੇ 26 ਦੌੜਾਂ ਬਣਾਈਆਂ। ਰਾਹੁਲ ਨੇ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਆਸਟਰੇਲੀਆ ਖ਼ਿਲਾਫ਼ 108 ਗੇਂਦਾਂ, 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 97 ਦੌੜਾਂ ਬਣਾਈਆਂ ਸਨ। ਸਾਲ 2023 'ਚ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਉਸ ਨੇ 15 ਮੈਚਾਂ ਦੀਆਂ 13 ਪਾਰੀਆਂ 'ਚ 1 ਸੈਂਕੜੇ ਅਤੇ 5 ਅਰਧ ਸੈਂਕੜੇ ਦੀ ਮਦਦ ਨਾਲ 628 ਦੌੜਾਂ ਬਣਾਈਆਂ ਹਨ।