ਨਵੀਂ ਦਿੱਲੀ— ਕੇਐੱਲ ਰਾਹੁਲ ਨੂੰ ਫਿੱਟ ਹੋਣ ਤੋਂ ਬਾਅਦ ਭਲੇ ਹੀ ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੋਵੇ ਪਰ ਉਹ ਅਜੇ ਵੀ ਆਪਣੀ ਕਪਤਾਨੀ 'ਚ ਪਹਿਲੀ ਜਿੱਤ ਦਾ ਇੰਤਜ਼ਾਰ ਕਰ ਰਹੇ ਹਨ। ਜਦਕਿ ਸ਼ਿਖਰ ਧਵਨ ਭਾਰਤ ਦੇ ਉਨ੍ਹਾਂ ਸਫਲ ਕਪਤਾਨਾਂ 'ਚੋਂ ਇਕ ਹਨ, ਜਿਨ੍ਹਾਂ ਨੂੰ ਇਸ ਦੌਰੇ 'ਚ ਪਹਿਲਾਂ ਟੀਮ ਦੀ ਅਗਵਾਈ ਕਰਨੀ ਪਈ ਸੀ। ਭਾਰਤੀ ਕ੍ਰਿਕਟ ਬੋਰਡ ਨੇ ਰੋਹਿਤ ਸ਼ਰਮਾ ਦੇ ਨਾਲ ਰਾਹੁਲ ਨੂੰ ਤਿੰਨੋਂ ਫਾਰਮੈਟਾਂ ਵਿੱਚ ਉਪ-ਕਪਤਾਨ ਬਣਾਇਆ ਹੈ। ਇਸ ਕਾਰਨ ਜਦੋਂ ਉਹ ਫਿੱਟ ਹੋ ਗਏ ਤਾਂ ਉਨ੍ਹਾਂ ਨੂੰ ਜ਼ਿੰਬਾਬਵੇ ਦੌਰੇ ਲਈ ਧਵਨ ਦੀ ਜਗ੍ਹਾ ਕਪਤਾਨੀ ਸੌਂਪੀ ਗਈ।
ਪਰ, ਰਾਹੁਲ ਨੇ ਹੁਣ ਤੱਕ ਜਿਨ੍ਹਾਂ ਚਾਰ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਕਪਤਾਨੀ ਕੀਤੀ ਹੈ, ਉਸ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ ਵਿੱਚ ਇੱਕ ਟੈਸਟ ਅਤੇ ਤਿੰਨ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਸ਼ਾਮਲ ਹਨ। ਦੂਜੇ ਪਾਸੇ ਧਵਨ ਨੇ ਛੇ ਵਨਡੇ ਮੈਚਾਂ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ, ਜਿਸ ਵਿੱਚੋਂ ਟੀਮ ਨੇ ਪੰਜ ਮੈਚ ਜਿੱਤੇ ਹਨ। ਇਸ ਤੋਂ ਇਲਾਵਾ ਧਵਨ ਨੇ ਤਿੰਨ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ 'ਚ ਵੀ ਕਪਤਾਨੀ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਰਿਕਾਰਡ ਇਕ ਜਿੱਤ ਅਤੇ ਦੋ ਹਾਰ ਦਾ ਹੈ।
ਧਵਨ ਨੇ ਪਿਛਲੇ ਸਾਲ ਜੁਲਾਈ 'ਚ ਪਹਿਲੀ ਵਾਰ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਉਹ ਹਾਲ ਹੀ ਵਿੱਚ ਵੈਸਟਇੰਡੀਜ਼ ਦੌਰੇ ਵਿੱਚ ਇੱਕ ਰੋਜ਼ਾ ਟੀਮ ਦਾ ਕਪਤਾਨ ਵੀ ਸੀ। ਭਾਰਤੀ ਟੀਮ ਨੇ ਵੈਸਟਇੰਡੀਜ਼ ਦੇ ਖਿਲਾਫ ਤਿੰਨ ਵਨਡੇ ਸੀਰੀਜ਼ 'ਚ ਕਲੀਨ ਸਵੀਪ ਕਰਦੇ ਹੋਏ ਸ਼੍ਰੀਲੰਕਾ ਖਿਲਾਫ ਸੀਰੀਜ਼ 2-1 ਨਾਲ ਜਿੱਤ ਲਈ ਸੀ। ਪਿਛਲੇ ਸਾਲ ਭਾਰਤੀ ਟੀਮ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ 1-2 ਨਾਲ ਹਾਰ ਗਈ ਸੀ।
ਰਾਹੁਲ ਨੇ ਇਸ ਸਾਲ ਜਨਵਰੀ 'ਚ ਦੱਖਣੀ ਅਫਰੀਕਾ ਦੇ ਦੌਰੇ 'ਤੇ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਪਹਿਲੀ ਵਾਰ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਉਨ੍ਹਾਂ ਦੀ ਅਗਵਾਈ 'ਚ ਭਾਰਤ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਤਿੰਨੋਂ ਵਨਡੇ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰੇ ਦੇ ਦੂਜੇ ਟੈਸਟ ਮੈਚ 'ਚ ਉਸ ਸਮੇਂ ਦੇ ਕਪਤਾਨ ਵਿਰਾਟ ਕੋਹਲੀ ਦੇ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਰਾਹੁਲ ਨੂੰ ਟੈਸਟ ਕ੍ਰਿਕਟ 'ਚ ਪਹਿਲੀ ਵਾਰ ਕਪਤਾਨੀ ਮਿਲੀ ਸੀ ਪਰ ਭਾਰਤ ਇਹ ਮੈਚ ਸੱਤ ਵਿਕਟਾਂ ਨਾਲ ਹਾਰ ਗਿਆ ਸੀ। ਰਾਹੁਲ ਨੇ ਇਸ ਸਾਲ ਫਰਵਰੀ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਉਸ ਨੇ ਵੈਸਟਇੰਡੀਜ਼ ਦੇ ਖਿਲਾਫ ਸੀਰੀਜ਼ 'ਚ ਖੇਡਣਾ ਸੀ ਪਰ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਉਹ ਨਹੀਂ ਖੇਡ ਸਕੇ।
ਇਹ ਵੀ ਪੜ੍ਹੋ:ਰੌਸ ਟੇਲਰ ਵੀ ਹੋਏ ਨਸਲਵਾਦ ਦਾ ਸ਼ਿਕਾਰ, ਆਪਣੀ ਕਿਤਾਬ 'ਚ ਕੀਤਾ ਖੁਲਾਸਾ