ਨਵੀਂ ਦਿੱਲੀ: ਲਗਾਤਾਰ ਦੋ ਟੀ-20 ਮੈਚ ਹਾਰ ਚੁੱਕੀ ਭਾਰਤੀ ਕ੍ਰਿਕਟ ਟੀਮ ਨੂੰ ਆਪਣੀ ਹੇਠਲੇ ਕ੍ਰਮ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਭਾਰਤ ਦੇ ਬੱਲੇਬਾਜ਼ 7ਵੇਂ ਨੰਬਰ ਤੋਂ ਬਾਅਦ ਕੋਈ ਚੰਗੀ ਪਾਰੀ ਖੇਡਣ 'ਚ ਅਸਮਰੱਥ ਨਜ਼ਰ ਆ ਰਹੇ ਹਨ। ਪਹਿਲੇ ਦੋ ਟੀ-20 ਮੈਚਾਂ ਦੀ ਸਥਿਤੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਭਾਰਤ ਨੂੰ ਹੁਣ 5-10 ਦੌੜਾਂ ਦੀ ਮਜ਼ਬੂਤ ਪਾਰੀ ਖੇਡਣ ਅਤੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਆਪਣੀ 8ਵੀਂ, 9ਵੀਂ ਅਤੇ 10ਵੇਂ ਨੰਬਰ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਲਗਾਤਾਰ ਹਾਰ:ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੋ ਵਨਡੇ ਮੈਚਾਂ ਦੀ ਕਹਾਣੀ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾਇਆ ਹੋਵੇਗਾ ਕਿ ਭਾਰਤੀ ਕ੍ਰਿਕਟ ਟੀਮ ਪਹਿਲਾ ਟੀ-20 ਮੈਚ ਸਿਰਫ 4 ਦੌੜਾਂ ਦੇ ਕਰੀਬੀ ਫਰਕ ਨਾਲ ਹਾਰ ਗਈ ਸੀ ਅਤੇ ਭਾਰਤੀ ਬੱਲੇਬਾਜ਼ ਆਖਰੀ ਸਮੇਂ 'ਚ ਲੋੜੀਂਦੀਆਂ 21 ਦੌੜਾਂ ਨਹੀਂ ਬਣਾ ਸਕੇ ਸਨ।
ਦੂਜੇ ਪਾਸੇ ਜੇਕਰ ਦੂਜੇ ਟੀ-20 ਮੈਚ 'ਚ ਦੇਖਿਆ ਜਾਵੇ ਤਾਂ ਭਾਰਤੀ ਕ੍ਰਿਕਟ ਟੀਮ ਦੇ ਟਾਪ ਆਰਡਰ ਦੇ ਬੱਲੇਬਾਜ਼ ਜਲਦੀ ਆਊਟ ਹੋ ਗਏ ਤਾਂ ਮੱਧਕ੍ਰਮ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਤੋਂ ਦੌੜਾਂ ਬਣਾਉਣ ਦੀ ਉਮੀਦ ਸੀ, ਪਰ ਭਾਰਤੀ ਬੱਲੇਬਾਜ਼ ਉਮੀਦ ਮੁਤਾਬਿਕ ਪ੍ਰਦਰਸ਼ਨ ਨਹੀਂ ਕਰ ਸਕੇ। ਹੇਠਲੇ ਕ੍ਰਮ ਦੇ ਬੱਲੇਬਾਜ਼ ਕੁਝ ਦੌੜਾਂ ਹੀ ਜੋੜ ਸਕੇ ਪਰ ਇਸ ਦੇ ਉਲਟ ਜੇਕਰ ਵੈਸਟਇੰਡੀਜ਼ ਦੀ ਟੀਮ ਨੂੰ ਦੇਖਿਆ ਜਾਵੇ ਤਾਂ ਉਸ ਦੇ ਬੱਲੇਬਾਜ਼ਾਂ ਨੇ 9ਵੇਂ ਅਤੇ 10ਵੇਂ ਨੰਬਰ 'ਤੇ ਆ ਕੇ ਚੰਗੀ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ ਅਤੇ ਆਪਣੀ ਟੀਮ ਨੂੰ 1 ਓਵਰ ਪਹਿਲਾਂ ਹੀ ਜਿੱਤ ਦਿਵਾਈ।
ਦੋਵਾਂ ਮੈਚਾਂ 'ਚ ਰੋਮਾਂਚਿਕ ਜਿੱਤ:ਕਪਤਾਨ ਪਾਵੇਲ (21) ਅਤੇ ਸ਼ਿਮਰੋਮ ਹੇਟਮਾਇਰ (22) ਨੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਲਈ ਅਹਿਮ ਯੋਗਦਾਨ ਪਾਇਆ ਪਰ ਵੈਸਟਇੰਡੀਜ਼ ਨੇ 16ਵੇਂ ਓਵਰ ਵਿੱਚ ਸਨਸਨੀਖੇਜ਼ ਢੰਗ ਨਾਲ ਤਿੰਨ ਵਿਕਟਾਂ ਗੁਆ ਦਿੱਤੀਆਂ ਤਾਂ ਟੀਮ ਲਈ ਹਾਲਾਤ ਮੁਸ਼ਕਲ ਹੋਣ ਲੱਗੇ। ਸਭ ਤੋਂ ਪਹਿਲਾਂ ਰੋਮਾਰੀਓ ਸ਼ੈਫਰਡ ਆਊਟ ਹੋ ਗਏ। ਇਸ ਤੋਂ ਬਾਅਦ ਜੇਸਨ ਹੋਲਡਰ ਨੂੰ ਚਾਹਲ ਦੀ ਗੇਂਦ 'ਤੇ ਈਸ਼ਾਨ ਕਿਸ਼ਨ ਨੇ ਸਟੰਪ ਕੀਤਾ ਅਤੇ ਫਿਰ ਭਾਰਤੀ ਗੇਂਦਬਾਜ਼ ਚਾਹਲ ਨੇ ਹੇਟਮਾਇਰ ਨੂੰ ਐਲਬੀਡਬਲਯੂ ਆਊਟ ਕਰਕੇ ਵੈਸਟਇੰਡੀਜ਼ ਨੂੰ 129/8 ਦੇ ਸਕੋਰ ਉੱਤੇ ਲਿਆ ਕੇ ਛੱਡ ਦਿੱਤਾ। ਇਸ ਤਰ੍ਹਾਂ ਵੈਸਟਇੰਡੀਜ਼ ਨੇ 16ਵੇਂ ਓਵਰ 'ਚ ਦੋ ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ। ਫਿਰ ਵੀ ਅਖੀਰ ਦੇ ਬੱਲੇਬਾਜ਼ਾਂ ਨੇ ਜਿੱਤ ਲਈ ਲੋੜੀਂਦੀਆਂ 24 ਦੌੜਾਂ ਬਣਾਈਆਂ।
ਅਜਿਹੇ 'ਚ ਅਕਿਲ ਹੁਸੈਨ (ਅਜੇਤੂ 16) ਅਤੇ ਅਲਜ਼ਾਰੀ ਜੋਸੇਫ (ਅਜੇਤੂ 10) ਨੇ ਨੌਵੇਂ ਵਿਕਟ ਲਈ 26 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਮੈਚ ਨੂੰ ਰੋਮਾਂਚਕ ਅੰਤ ਤੱਕ ਪਹੁੰਚਾ ਕੇ ਟੀਮ ਨੂੰ ਜਿੱਤ ਦਿਵਾਈ। ਮੇਜ਼ਬਾਨ ਟੀਮ ਨੇ 18.5 ਓਵਰਾਂ ਵਿੱਚ 155/8 ਤੱਕ ਪਹੁੰਚ ਕੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ ਹੈ। 2016 ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਵੈਸਟਇੰਡੀਜ਼ ਨੇ ਭਾਰਤ ਨੂੰ ਲਗਾਤਾਰ ਦੋ ਟੀ-20 ਮੈਚਾਂ ਵਿੱਚ ਹਰਾਇਆ ਸੀ।
ਹੇਠਲੇ ਕ੍ਰਮ ਦੀ ਬੱਲੇਬਾਜ਼ੀ ਦੋਵਾਂ ਟੀਮਾਂ ਵਿੱਚ ਵੱਡਾ ਫਰਕ ਲਿਆ ਰਹੀ ਹੈ। ਭਾਰਤ ਦੀ ਬੱਲੇਬਾਜ਼ੀ ਪ੍ਰਭਾਵਸ਼ਾਲੀ ਢੰਗ ਨਾਲ 7ਵੇਂ ਨੰਬਰ 'ਤੇ ਸਮਾਪਤ ਹੋ ਗਈ, ਵੈਸਟਇੰਡੀਜ਼ ਦੇ ਨੰਬਰ 9 ਅਕੀਲ ਹੁਸੈਨ ਅਤੇ ਨੰਬਰ 10 ਅਲਜ਼ਾਰੀ ਜੋਸੇਫ ਨੇ ਕਦੇ ਵੀ ਇਹ ਪ੍ਰਭਾਵ ਨਹੀਂ ਦਿੱਤਾ ਕਿ ਉਨ੍ਹਾਂ ਦੀ ਟੀਮ ਕਿਸੇ ਮੁਸੀਬਤ ਵਿੱਚ ਸੀ ਅਤੇ ਇੱਕ ਓਵਰ ਅਤੇ ਇੱਕ ਗੇਂਦ ਬਾਕੀ ਰਹਿੰਦਿਆਂ ਇਹ ਕੰਮ ਪੂਰਾ ਕਰ ਲਿਆ। ਜਦੋਂ ਗੇਂਦਬਾਜ਼ਾਂ ਦੀ ਬੱਲੇਬਾਜ਼ੀ ਦੀ ਗੱਲ ਆਉਂਦੀ ਹੈ, ਤਾਂ 7ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਵਾਲੇ ਅਕਸ਼ਰ ਤੋਂ ਇਲਾਵਾ, ਭਾਰਤ ਕੋਲ ਮੌਜੂਦਾ ਟੀਮ ਵਿੱਚ ਕੋਈ ਹੋਰ ਨਹੀਂ ਹੈ ਜੋ ਨੰਬਰ 8 'ਤੇ ਚੰਗੀ ਬੱਲੇਬਾਜ਼ੀ ਕਰ ਸਕਦਾ ਹੈ। ਸ਼ਾਰਦੁਲ ਠਾਕੁਰ ਜਾਂ ਦੀਪਕ ਚਾਹਰ ਇਸ ਵਿੱਚ ਟੀਮ ਦੀ ਮਦਦ ਕਰ ਸਕਦੇ ਹਨ, ਪਰ ਉਹ ਟੀਮ ਵਿੱਚ ਨਹੀਂ ਹਨ।
ਕਾਬਿਲੇਗੌਰ ਹੈ ਕਿ ਭਾਰਤ ਆਉਣ ਵਾਲੇ ਵਨਡੇ ਵਿਸ਼ਵ ਕੱਪ ਦੀ ਤਿਆਰੀ ਦੇ ਹਿੱਸੇ ਵਜੋਂ ਇਨ੍ਹਾਂ ਪੰਜ ਟੀ-20 ਮੈਚਾਂ ਨੂੰ ਦੇਖ ਰਿਹਾ ਹੈ, ਪਰ ਜੇਕਰ ਅਗਲੇ ਮੈਚ ਨਾ ਜਿੱਤੇ ਤਾਂ ਭਾਰਤੀ ਟੀਮ ਦੀ ਟੀ-20 ਰੈਂਕਿੰਗ ਵੀ ਪ੍ਰਭਾਵਿਤ ਹੋਵੇਗੀ ਅਤੇ ਇਸ ਬਾਰੇ ਕਈ ਸਵਾਲ ਖੜ੍ਹੇ ਹੋਣਗੇ। ਅਜਿਹੇ 'ਚ ਜਦੋਂ ਟੀ-20 ਵਿਸ਼ਵ ਕੱਪ 2024 'ਚ 10 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ, ਅਜਿਹੇ 'ਚ ਟੀਮ ਇੰਡੀਆ ਨੂੰ ਇਸ ਖਾਮੀ ਨੂੰ ਸੁਧਾਰਨਾ ਹੋਵੇਗਾ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਕੁੱਝ ਨਿਡਰਤਾ ਨਾਲ ਅਜ਼ਮਾਉਣਾ ਹੋਵੇਗਾ।