ਧਰਮਸ਼ਾਲਾ: ਭਾਰਤ ਨੇ ਦੂਜੇ ਟੀ-20 ਮੈਚ ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 3 ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਵੱਲੋਂ ਦਿੱਤੇ 184 ਦੌੜਾਂ ਦੇ ਟੀਚੇ ਨੂੰ ਤਿੰਨ ਵਿਕਟਾਂ ਗੁਆ ਕੇ 17 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਭਾਰਤ ਲਈ ਸ਼੍ਰੇਅਸ ਅਈਅਰ (74*) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।
ਤੁਹਾਨੂੰ ਦੱਸ ਦੇਈਏ ਕਿ ਸੀਰੀਜ਼ ਦਾ ਤੀਜਾ ਅਤੇ ਆਖਰੀ ਟੀ-20 ਮੈਚ ਵੀ ਧਰਮਸ਼ਾਲਾ ਵਿਖੇ ਹੀ ਐਤਵਾਰ ਨੂੰ ਖੇਡਿਆ ਜਾਵੇਗਾ। ਇਹ ਭਾਰਤ ਦੀ ਲਗਾਤਾਰ 11ਵੀਂ ਟੀ-20 ਅੰਤਰਰਾਸ਼ਟਰੀ ਜਿੱਤ ਸੀ। ਭਾਰਤ ਦੀ ਘਰੇਲੂ ਮੈਦਾਨ 'ਤੇ ਇਹ ਲਗਾਤਾਰ ਸੱਤਵੀਂ ਟੀ-20 ਸੀਰੀਜ਼ ਜਿੱਤ ਹੈ।
ਭਾਰਤ ਦੀ ਪਾਰੀ...
184 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ। ਰੋਹਿਤ ਸ਼ਰਮਾ (1) ਨੂੰ ਪਹਿਲੇ ਹੀ ਓਵਰ ਵਿੱਚ ਦੁਸ਼ਮੰਤ ਚਮੀਰਾ ਨੇ ਕਲੀਨ ਬੋਲਡ ਕਰ ਦਿੱਤਾ। ਈਸ਼ਾਨ ਕਿਸ਼ਨ (16) ਦਾ ਬੱਲਾ ਵੀ ਸ਼ਾਂਤ ਰਿਹਾ ਅਤੇ ਉਹ ਕੁਮਾਰ ਦੀ ਗੇਂਦ 'ਤੇ ਸ਼ਨਾਕਾ ਨੂੰ ਆਸਾਨ ਕੈਚ ਦੇ ਕੇ ਡਗਆਊਟ 'ਚ ਪਰਤ ਗਿਆ। ਸ਼੍ਰੇਅਸ ਅਈਅਰ (74*) ਅਤੇ ਸੰਜੂ ਸੈਮਸਨ (39) ਨੇ 44 ਦੌੜਾਂ 'ਤੇ ਦੋ ਵਿਕਟਾਂ ਗੁਆ ਚੁਕੇ ਭਾਰਤ ਨੂੰ ਸੰਭਾਲਿਆ। ਦੋਵਾਂ ਨੇ ਤੀਜੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਸ ਦੇ ਨਾਲ ਹੀ ਸੈਮਸਨ ਨੇ ਕੁਮਾਰ ਦੇ ਇੱਕ ਓਵਰ ਵਿੱਚ ਤਿੰਨ ਛੱਕੇ ਅਤੇ ਇੱਕ ਚੌਕਾ ਜੜਿਆ, ਪਰ ਉਸੇ ਓਵਰ ਦੀ ਆਖਰੀ ਗੇਂਦ 'ਤੇ ਆਊਟ ਹੋ ਗਏ। ਸੈਮਸਨ ਕੁਮਾਰ ਦੀ ਗੇਂਦ 'ਤੇ ਬਿਨਾਰੂ ਫਰਨਾਂਡੋ ਦੇ ਹੱਥੋਂ ਕੈਚ ਹੋ ਗਏ। ਸੈਮਸਨ ਨੇ 25 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ ਇੱਥੋਂ ਆਉਂਦੇ ਹੀ ਅਕ੍ਰਾਮਕ ਰਵੱਈਆ ਅਪਣਾਇਆ ਅਤੇ ਪਹਿਲੀ ਹੀ ਗੇਂਦ 'ਤੇ ਚੌਕਾ ਜੜ ਦਿੱਤਾ।
ਇਸ ਤੋਂ ਬਾਅਦ ਅਈਅਰ ਅਤੇ ਜਡੇਜਾ ਨੇ 58 ਦੌੜਾਂ ਦੀ ਮੈਚ ਜਿਤਾਉਣ ਵਾਲੀ ਸਾਂਝੇਦਾਰੀ ਕਰਕੇ ਭਾਰਤ ਨੂੰ 17 ਗੇਂਦਾਂ ਪਹਿਲਾਂ ਜਿੱਤ ਦਿਵਾਈ। ਅਈਅਰ ਨੇ 44 ਗੇਂਦਾਂ 'ਤੇ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਨਾਬਾਦ 74 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜਡੇਜਾ ਨੇ 18 ਗੇਂਦਾਂ ਵਿੱਚ 7 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 45 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਲਾਹਿਰੂ ਕੁਮਾਰ ਨੇ 2 ਜਦਕਿ ਦੁਸ਼ਮੰਥਾ ਚਮੀਰਾ ਨੇ ਇਕ ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ:ਨਵਜੰਮੇ ਬੱਚੇ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਮੈਦਾਨ 'ਚ ਪਹੁੰਚੇ ਕ੍ਰਿਕਟਰ ਵਿਸ਼ਨੂੰ ਸੋਲੰਕੀ, ਰਣਜੀ 'ਚ ਲਗਾਇਆ ਸੈਂਕੜਾ
ਸ਼੍ਰੀਲੰਕਾ ਦੀ ਪਾਰੀ...
ਇਸ ਤੋਂ ਪਹਿਲਾਂ ਪਥੁਮ ਨਿਸਾਂਕਾ (75) ਅਤੇ ਕਪਤਾਨ ਦਾਸੁਨ ਸ਼ਨਾਕਾ (47*) ਦੀਆਂ ਧਮਾਕੇਦਾਰ ਪਾਰੀਆਂ ਦੀ ਬਦੌਲਤ ਸ੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 183 ਦੌੜਾਂ ਬਣਾਈਆਂ। ਭਾਰਤ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਸਵੀਕਾਰ ਕਰਦੇ ਹੋਏ ਸ਼੍ਰੀਲੰਕਾ ਦੀ ਸ਼ੁਰੂਆਤ ਧੀਮੀ ਰਹੀ, ਪਰ ਉਸ ਨੇ ਵਿਕਟ ਨਹੀਂ ਗੁਆਏ। ਨਿਸਾਂਕਾ ਅਤੇ ਦਾਨੁਸ਼ਕਾ ਗੁਣਾਤਿਲਕਾ (38) ਨੇ 67 ਦੌੜਾਂ ਦੀ ਸਾਂਝੇਦਾਰੀ ਕਰਕੇ ਮਜ਼ਬੂਤ ਸ਼ੁਰੂਆਤ ਕੀਤੀ। ਭਾਰਤ ਲਈ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਹਰਸ਼ਲ ਪਟੇਲ, ਯੁਜਵੇਂਦਰ ਚਾਹਲ ਅਤੇ ਰਵਿੰਦਰ ਜਡੇਜਾ ਨੂੰ 1-1 ਸਫਲਤਾ ਮਿਲੀ।