ਗੁਹਾਟੀ: ਭਾਰਤ ਅਤੇ ਦੱਖਣੀ ਅਫਰੀਕਾ (IND vs SA) ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਗੁਹਾਟੀ ਵਿੱਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 238 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 237 ਦੌੜਾਂ ਬਣਾਈਆਂ। ਭਾਰਤ ਲਈ ਕੇਐਲ ਰਾਹੁਲ ਨੇ 57 ਅਤੇ ਸੂਰਿਆਕੁਮਾਰ ਯਾਦਵ ਨੇ 61 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਵਿਰਾਟ ਕੋਹਲੀ 49 ਦੌੜਾਂ ਬਣਾ ਕੇ ਅਜੇਤੂ ਰਹੇ। ਇਹ ਟੀ-20 'ਚ ਦੱਖਣੀ ਅਫਰੀਕਾ ਖਿਲਾਫ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਕੇਐਲ ਰਾਹੁਲ ਨੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 20ਵਾਂ ਅਰਧ ਸੈਂਕੜਾ ਲਗਾਇਆ।
ਅਫਰੀਕੀ ਟੀਮ ਇਸ ਮੈਚ 'ਚ ਇਕ ਬਦਲਾਅ ਨਾਲ ਉਤਰੀ ਹੈ। ਪਿਛਲੇ ਮੈਚ 'ਚ ਮਹਿੰਗਾ ਸਾਬਤ ਹੋਏ ਤਬਰੇਜ਼ ਸ਼ਮਸੀ ਦੀ ਜਗ੍ਹਾ ਲੁੰਗੀ ਨਗੀਦੀ ਨੂੰ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਮੈਦਾਨ ਵਿੱਚ ਵੜਿਆ ਸੱਪ, ਮੈਚ 10 ਮਿੰਟ ਲਈ ਰੁਕਿਆ
ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ 'ਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ ਹੈ। ਭਾਰਤੀ ਪਾਰੀ ਦੌਰਾਨ ਜਦੋਂ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਬੱਲੇਬਾਜ਼ੀ ਕਰ ਰਹੇ ਸਨ ਤਾਂ ਅੱਠਵੇਂ ਓਵਰ ਦੀ ਸ਼ੁਰੂਆਤ ਵਿੱਚ ਖੇਡ ਕੁਝ ਮਿੰਟਾਂ ਲਈ ਰੁਕ ਗਈ। ਮੈਦਾਨ 'ਤੇ ਸੱਪ ਆਉਣ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ।