ਮੋਹਾਲੀ: ਭਾਰਤ ਦੀ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ। ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੁਲਦੀਪ ਯਾਦਵ ਅਤੇ ਹਾਰਦਿਕ ਪੰਡਯਾ ਨੂੰ ਪਹਿਲੇ ਦੋ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ। ਇਸ ਨਾਲ ਟੀਮ ਨੂੰ ਬਾਕੀ ਖਿਡਾਰੀਆਂ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ। ਵਿਸ਼ਵ ਕੱਪ 2023 ਤੋਂ ਪਹਿਲਾਂ ਮੇਗਾ ਈਵੈਂਟ ਤੋਂ ਪਹਿਲਾਂ ਦੋਵਾਂ ਟੀਮਾਂ ਕੋਲ ਆਪਣੀਆਂ ਤਿਆਰੀਆਂ ਅਤੇ ਰਣਨੀਤੀਆਂ 'ਚ ਸੁਧਾਰ ਕਰਨ ਦਾ ਸੁਨਹਿਰੀ ਮੌਕਾ ਹੈ। (India vs Australia ODI series)
ਭਾਰਤ ਨੇ ਏਸ਼ੀਆ ਕੱਪ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਪੂਰੀ ਟੀਮ ਦਮਦਾਰ ਫਾਰਮ 'ਚ ਹੈ ਪਰ ਕੁਝ ਅਜਿਹੇ ਖੇਤਰ ਹਨ, ਜਿੱਥੇ ਉਹ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਅਕਸ਼ਰ ਪਟੇਲ ਸੱਟ ਕਾਰਨ ਬਾਹਰ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਵੀਚੰਦਰਨ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਦੀ ਆਫ ਸਪਿਨ ਜੋੜੀ 'ਚੋਂ ਉਸ ਦੀ ਜਗ੍ਹਾ ਬਿਹਤਰ ਵਿਕਲਪ ਕੌਣ ਹੋਵੇਗਾ। ਬੱਲੇਬਾਜ਼ੀ ਦੇ ਮੋਰਚੇ 'ਤੇ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ 'ਚ ਸ਼੍ਰੇਅਸ ਅਈਅਰ ਅਤੇ ਸੂਰਿਆਕੁਮਾਰ ਯਾਦਵ ਨੂੰ ਆਪਣੀ ਛਾਪ ਛੱਡਣ ਦਾ ਮੌਕਾ ਮਿਲੇਗਾ।
ਏਸ਼ੀਆ ਕੱਪ ਦੌਰਾਨ ਅਈਅਰ ਸੱਟ ਕਾਰਨ ਬਾਹਰ ਹੋ ਗਿਆ ਸੀ। ਅਜਿਹੇ 'ਚ ਉਨ੍ਹਾਂ ਦੀ ਫਿਟਨੈੱਸ 'ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ ਜਦਕਿ ਸੂਰਿਆ ਨੇ ਅਜੇ ਤੱਕ ਵਨਡੇ 'ਚ ਆਪਣੀ ਫਾਰਮ ਨੂੰ ਸਾਬਤ ਨਹੀਂ ਕੀਤਾ ਹੈ। ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ ਨਾਲ ਓਪਨਿੰਗ ਕਰ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਟੀਮ ਪ੍ਰਬੰਧਨ ਮੁਹੰਮਦ ਸਿਰਾਜ ਨੂੰ ਆਰਾਮ ਦਿੰਦਾ ਹੈ ਤਾਂ ਮੁਹੰਮਦ ਸ਼ਮੀ ਦੇ ਖੇਡਣ ਦੀ ਸੰਭਾਵਨਾ ਹੈ।
ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਆਸਟ੍ਰੇਲੀਆ:ਦੂਜੇ ਪਾਸੇ ਆਸਟ੍ਰੇਲੀਆ ਦੱਖਣੀ ਅਫਰੀਕਾ ਤੋਂ ਸੀਰੀਜ਼ 3-2 ਨਾਲ ਹਾਰਨ ਤੋਂ ਬਾਅਦ ਆਈ ਹੈ। ਟੀਮ ਦੇ ਕਈ ਖਿਡਾਰੀ ਜ਼ਖਮੀ ਹੋਏ ਹਨ। ਇਸ ਕਰਕੇ ਇਸ ਚੈਂਪੀਅਨ ਟੀਮ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਲਈ ਚੰਗੀ ਖਬਰ ਇਹ ਹੈ ਕਿ ਕਪਤਾਨ ਪੈਟ ਕਮਿੰਸ ਅਤੇ ਸਟੀਵ ਸਮਿਥ ਸ਼ੁੱਕਰਵਾਰ ਨੂੰ ਮੈਦਾਨ 'ਤੇ ਉਤਰਨ ਲਈ ਫਿੱਟ ਹਨ ਪਰ ਮਿਸ਼ੇਲ ਸਟਾਰਕ ਅਤੇ ਗਲੇਨ ਮੈਕਸਵੈੱਲ ਪਹਿਲੇ ਮੈਚ ਦਾ ਹਿੱਸਾ ਨਹੀਂ ਹੋਣਗੇ। ਇਸ ਤੋਂ ਇਲਾਵਾ ਸੀਨ ਐਬੋਟ, ਨਾਥਨ ਐਲਿਸ, ਸਪੈਂਸਰ ਜਾਨਸਨ ਅਤੇ ਐਸ਼ਟਨ ਐਗਰ ਵੀ ਸਮੱਸਿਆਵਾਂ ਨਾਲ ਜੂਝ ਰਹੇ ਹਨ।