ਨਵੀਂ ਦਿੱਲੀ :ਭਾਰਤ ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 'ਚ ਗਰੁੱਪ-2 ਤੋਂ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਇੰਗਲੈਂਡ ਗਰੁੱਪ 2 ਤੋਂ ਪਹਿਲਾਂ ਹੀ ਸੈਮੀਫਾਈਨਲ 'ਚ ਹੈ। ਭਾਰਤ ਨੇ 4 'ਚੋਂ 3 ਮੈਚ ਜਿੱਤ ਕੇ 6 ਅੰਕ ਹਾਸਲ ਕੀਤੇ ਹਨ। ਜਦਕਿ ਇੰਗਲੈਂਡ 3 ਮੈਚ ਖੇਡ ਕੇ ਤਿੰਨਾਂ 'ਚ ਜਿੱਤ ਦੇ 6 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਅੱਜ ਇੰਗਲੈਂਡ ਦਾ ਚੌਥਾ ਮੈਚ ਪਾਕਿਸਤਾਨ ਨਾਲ ਹੈ। ਇਹ ਮੈਚ ਭਾਰਤ ਲਈ ਬਹੁਤ ਮਾਇਨੇ ਰੱਖਦਾ ਹੈ। ਕਿਉਂਕਿ ਇਹ ਮੈਚ ਤੈਅ ਕਰੇਗਾ ਕਿ ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਕਿਸ ਟੀਮ ਨਾਲ ਹੋਵੇਗਾ।
ਪਹਿਲਾ ਸੈਮੀਫਾਈਨਲ 23 ਫਰਵਰੀ ਨੂੰ ਖੇਡਿਆ ਜਾਵੇਗਾ। ਗਰੁੱਪ 1 'ਚ ਆਸਟ੍ਰੇਲੀਆ 8 ਅੰਕਾਂ ਨਾਲ ਪਹਿਲੇ ਨੰਬਰ 'ਤੇ ਹੈ। ਜਦਕਿ ਭਾਰਤ ਗਰੁੱਪ 2 ਵਿੱਚ ਦੂਜੇ ਸਥਾਨ 'ਤੇ ਹੈ। ਸੈਮੀਫਾਈਨਲ ਦਾ ਗਣਿਤ ਦੱਸਦਾ ਹੈ ਕਿ ਗਰੁੱਪ 1 (ਮੌਜੂਦਾ ਆਸਟਰੇਲੀਆ) ਦੀ ਨੰਬਰ 1 ਟੀਮ ਗਰੁੱਪ 2 (ਮੌਜੂਦਾ ਭਾਰਤ) ਵਿਚ ਦੂਜੇ ਨੰਬਰ ਦੀ ਟੀਮ ਨਾਲ ਖੇਡੇਗੀ। ਇਸੇ ਤਰ੍ਹਾਂ ਦੂਜਾ ਸੈਮੀਫਾਈਨਲ 24 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਵਿੱਚ ਗਰੁੱਪ 1 (ਮੌਜੂਦਾ ਨਿਊਜ਼ੀਲੈਂਡ) ਦੀ ਦੂਜੇ ਨੰਬਰ ਦੀ ਟੀਮ ਗਰੁੱਪ 2 (ਮੌਜੂਦਾ ਇੰਗਲੈਂਡ) ਦੇ ਪਹਿਲੇ ਨੰਬਰ ਦੀ ਟੀਮ ਨਾਲ ਹੋਵੇਗੀ। ਹਾਲਾਂਕਿ ਅੱਜ ਹੋਣ ਜਾ ਰਹੇ ਇੰਗਲੈਂਡ ਬਨਾਮ ਪਾਕਿਸਤਾਨ ਮੈਚ 'ਚ ਜੇਕਰ ਕੋਈ ਵੱਡਾ ਉਲਟਫੇਰ ਹੁੰਦਾ ਹੈ ਤਾਂ ਸੈਮੀਫਾਈਨਲ 'ਚ ਟੀਮਾਂ 'ਚ ਬਦਲਾਅ ਹੋਵੇਗਾ।