ਮੈਲਬਰਨ: ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲਿਆਈ ਟੀਮ ਦੇ ਕੋਚ ਜਸਟਿਨ ਲੈਂਗਰ ਨੇ ਆਪਣੇ ਗੇਂਦਬਾਜ਼ਾਂ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2019 ਵਿੱਚ ਭਾਰਤ ਹੱਥੋਂ ਹਾਰ ਤੋਂ ਬਾਅਦ ਤੋਂ ਕੰਗਾਰੂ ਗੇਂਦਬਾਜ਼ਾਂ ਦੀ ਖੇਡ ਵਿੱਚ ਕਾਫੀ ਸੁਧਾਰ ਹੋਇਆ ਹੈ।
ਇਸ ਕਾਰਨ ਅਗਲੀ ਸੀਰੀਜ਼ ਵਿੱਚ ਉਹ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਟੀਮ ਨਾਲ ਟੱਕਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਭਾਰਤ ਨੇ 2018-19 ਦੇ ਦੌਰੇ 'ਤੇ ਆਸਟ੍ਰੇਲੀਆ ਨੂੰ ਹੈਰਾਨ ਕਰਦੇ ਹੋਏ 2-1 ਨਾਲ ਟੈਸਟ ਸੀਰੀਜ਼ ਜਿੱਤੀ ਸੀ। ਇਹ ਕੰਗਾਰੂਆਂ ਦੀ ਜ਼ਮੀਨ 'ਤੇ ਭਾਰਤ ਦੀ ਪਹਿਲੀ ਟੈਸਟ ਸੀਰੀਜ਼ ਦੀ ਜਿੱਤ ਸੀ।
ਆਸਟ੍ਰੇਲਿਆਈ ਕੋਚ ਲੈਂਗਰ ਨੇ ਕਿਹਾ ਕਿ ਜੇ ਮੈਂ ਉਸ ਸਮੇਂ ਦੀ ਗੱਲ ਕਰਾਂ ਤਾਂ ਅਸੀਂ ਪਰਥ ਟੈਸਟ ਜਿੱਤਣ ਤੋਂ ਬਾਅਦ ਮੈਲਬਰਨ ਵਿੱਚ ਟਾਸ ਹਾਰ ਗਏ ਸੀ। ਟੈਸਟ ਕ੍ਰਿਕਟ ਵਿੱਚ ਮੇਰੀ ਦੇਖੀ ਗਈ ਸਭ ਤੋਂ ਸਪਾਟ ਪਿਚ 'ਤੇ ਅਸੀਂ ਟਾਸ ਗੁਆਇਆ ਤੇ ਉਨ੍ਹਾਂ ਨੇ ਦੋ ਦਿਨ ਤੱਕ ਬੱਲੇਬਾਜ਼ੀ ਕੀਤੀ। ਫਿਰ ਸਾਨੂੰ ਵਾਪਸੀ ਕਰਨੀ ਪਈ। ਅਗਲਾ ਟੈਸਟ ਸਿਡਨੀ ਵਿੱਚ ਇਕਦਮ ਸਪਾਟ ਪਿੱਚ 'ਤੇ ਹੋਇਆ। ਮੈਂ ਕੋਈ ਬਹਾਨਾ ਨਹੀਂ ਬਣਾ ਰਿਹਾ ਪਰ ਤਦ ਵਾਪਸੀ ਕਰਨਾ ਮੁਸ਼ਕਲ ਸੀ। ਭਾਰਤ ਜ਼ਬਰਦਸਤ ਲੈਅ ਵਿੱਚ ਸੀ। ਉਹ ਇਤਿਹਾਸ ਵਿੱਚ ਪਹਿਲੀ ਵਾਰ ਸਾਨੂੰ ਹਰਾਉਣ ਦੇ ਹੱਕਦਾਰ ਸਨ ਪਰ ਸਾਡੇ ਖਿਡਾਰੀ ਦੋ ਸਾਲ ਵਿੱਚ ਬਿਹਤਰ ਹੋਏ ਹਨ ਤੇ ਕਈ ਭਾਰਤੀ ਵੀ ਅਜਿਹਾ ਕਰ ਚੁੱਕੇ ਹਨ। ਉਨ੍ਹਾਂ ਕੋਲ ਹੁਣ ਵੱਧ ਤਜਰਬਾ ਵੀ ਹੈ। ਮੈਂ ਉਨ੍ਹਾਂ ਨੂੰ ਖੇਡਦੇ ਦੇਖਣ ਦੀ ਉਡੀਕ ਨਹੀਂ ਕਰ ਸਕਦਾ।
ਉਸ ਸਮੇਂ ਆਸਟ੍ਰੇਲਿਆਈ ਟੀਮ ਦੀ ਤੇਜ਼ ਗੇਂਦਬਾਜ਼ੀ ਦੀ ਕਮਾਨ ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁਡ ਦੇ ਕੋਲ ਸੀ। ਇਸ ਵਾਰ ਵੀ ਇਹ ਤਿੰਨੇ ਹੀ ਮੁੱਖ ਗੇਂਦਬਾਜ਼ ਹੋਣਗੇ। ਉਨ੍ਹਾਂ ਤੋਂ ਇਲਾਵਾ ਟੀਮ ਦੇ ਕੋਲ ਜੇਮਜ਼ ਪੈਟੀਂਸਨ, ਮਾਈਕਲ ਨੇਸਰ ਤੇ ਸ਼ਾਨ ਏਬੋਟ ਵੀ ਹਨ। ਇਨ੍ਹਾਂ ਵਿਚੋਂ ਪੈਟੀਂਸਨ ਨੇ ਪਿਛਲੇ ਸਾਲ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਲਈ ਆਸਟ੍ਰੇਲਿਆਈ ਟੀਮ ਵਿਚ ਥਾਂ ਬਣਾਈ ਸੀ। ਉਹ ਆਈਪੀਐੱਲ ਵਿੱਚ ਸ਼ਾਮਲ ਹੋਏ ਸਨ। ਉਥੇ ਨੇਸਰ ਦੀ ਅਜੇ ਟੈਸਟ 'ਚ ਸ਼ੁਰੂਆਤ ਹੋਣੀ ਬਾਕੀ ਹੈ।