ਮੈਲਬੌਰਨ: ਸਿਡਨੀ ਵਿੱਚ ਆਸਟਰੇਲੀਆ ਖ਼ਿਲਾਫ਼ ਤੀਜੇ ਟੈਸਟ ਮੈਚ ਤੋਂ ਪਹਿਲਾਂ ਆਯੋਜਿਤ ਕੋਵਿਡ -19 ਟੈਸਟ ਵਿੱਚ ਭਾਰਤੀ ਕ੍ਰਿਕਟ ਟੀਮ ਅਤੇ ਉਸ ਦੇ ਸਹਿਯੋਗੀ ਸਟਾਫ ਦਾ ਨਤੀਜਾ ਨੈਗੇਟਿਵ ਆਇਆ ਹੈ। ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਦੋਵਾਂ ਟੀਮਾਂ ਵਿਚਾਲੇ ਤੀਜਾ ਟੈਸਟ ਮੈਚ 7 ਜਨਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਬੀਸੀਸੀਆਈ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ‘3 ਜਨਵਰੀ ਨੂੰ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡਣ ਵਾਲੇ ਖਿਡਾਰੀਆਂ ਅਤੇ ਸਹਾਇਤਾ ਸਟਾਫ ਦਾ ਕੋਵਿਡ -19 ਆਰਟੀ-ਪੀਸੀਆਰ ਟੈਸਟ ਗਿਆ ਕੀਤਾ ਸੀ। ਸਾਰੇ ਟੈਸਟਾਂ ਦਾ ਨਤੀਜਾ ਨੈਗੇਟਿਵ ਆਇਆ ਹੈ।
ਪੰਜ ਭਾਰਤੀ ਖਿਡਾਰੀਆਂ ਰੋਹਿਤ ਸ਼ਰਮਾ, ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ, ਵਿਕਟ ਕੀਪਰ ਰਿਸ਼ਭ ਪੰਤ, ਤੇਜ਼ ਗੇਂਦਬਾਜ਼ ਨਵਦੀਪ ਸੈਣੀ ਅਤੇ ਬੱਲੇਬਾਜ਼ ਪ੍ਰਿਥਵੀ ਸ਼ਾਅ ਦਾ ਇੱਕ ਇਨਡੋਰ ਰੈਸਟੋਰੈਂਟ ਵਿੱਚ ਰਾਤ ਦੇ ਖਾਣੇ ਦਾ ਵੀਡੀਓ ਸਾਹਮਣੇ ਆਉਣ ਮਗਰੋਂ ਇਨ੍ਹਾਂ ਸਾਰੀਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਸੀ। ਜਿਸ ਮਗਰੋਂ ਟੈਸਟ ਕਰਵਾਏ ਗਏ ਸਨ।
ਕ੍ਰਿਕਟ ਆਸਟਰੇਲੀਆ ਨੇ ਐਲਾਨ ਕੀਤਾ ਸੀ ਕਿ ਬੀਸੀਸੀਆਈ ਨਾਲ ਸਾਂਝੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਸੀਰੀਜ਼ ਲਈ ਤਿਆਰ ਬਾਇਓਸਫਟੀ ਪ੍ਰੋਟੋਕੋਲ ਦੀ ਉਲੰਘਣਾ ਤਾਂ ਨਹੀਂ ਕੀਤੀ। ਹਾਲਾਂਕਿ, ਇਨ੍ਹਾਂ ਪੰਜ ਖਿਡਾਰੀਆਂ ਨੂੰ ਸਿਡਨੀ ਮੈਚ ਲਈ ਟੀਮ ਨਾਲ ਅਭਿਆਸ ਕਰਨ ਅਤੇ ਯਾਤਰਾ ਕਰਨ ਦੀ ਆਗਿਆ ਸੀ। ਚਾਰ ਮੈਚਾਂ ਦੀ ਲੜੀ ਅਜੇ 1-1 ਨਾਲ ਬਰਾਬਰੀ 'ਤੇ ਹੈ।