ਸਿਡਨੀ: ਕ੍ਰਿਕਟ ਆਸਟ੍ਰੇਲੀਆ (ਸੀ.ਏ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਨਿਕ ਹਾੱਕਲੇ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਯਾਤਰਾਵਾਂ ਤੋਂ ਪਰਤਣ ਤੋਂ ਬਾਅਦ ਕੁਆਰੰਟੀਨ ਜਾਣ ਵੇਲੇ ਖਿਡਾਰੀਆਂ ਦੀਆਂ ਮੁਸ਼ਕਲਾਂ ਤੋਂ ਜਾਣੂ ਹਨ ਅਤੇ ਬੋਰਡ ਖਿਡਾਰੀਆਂ ਦੀ ਭਲਾਈ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ।
ਆਸਟ੍ਰੇਲੀਆ ਦੇ ਬੱਲੇਬਾਜ਼ ਡੈਵਿਡ ਵਾਰਨਰ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਜੇ ਕੋਵਿਡ-19 ਮਹਾਂਮਾਰੀ ਜਾਰੀ ਰਹਿੰਦੀ ਹੈ ਤਾਂ ਵਿਦੇਸ਼ਾਂ ਵਿੱਚ ਬਾਕਾਇਦਾ ਦੌਰੇ ਕਰਨਾ ਮੁਸ਼ਕਿਲ ਹੋਵੇਗਾ। ਵਾਰਨਰ ਨੇ ਕਿਹਾ ਕਿ ਪਿਛਲੇ 6 ਮਹੀਨੇ ਬਹੁਤ ਚੁਣੌਤੀਪੂਰਨ ਰਹੇ ਹਨ, ਕਿਉਂਕਿ ਪਰਿਵਾਰ ਨਾਲ ਨਹੀਂ ਸੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਕੋਚਾਂ ਅਤੇ ਚੋਣਕਰਤਾਵਾਂ ਸਾਹਮਣੇ ਆਪਣੀ ਗੱਲ ਨੂੰ ਪੇਸ਼ ਕਰਨ ਦੀ ਹਿੰਮਤ ਦਿਖਾਉਣੀ ਪਵੇਗੀ।
ਹਾੱਕਲੇ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, “ਮੈਂ ਵਿਅਕਤੀਗਤ ਖਿਡਾਰੀਆਂ ਜਾਂ ਭਵਿੱਖ ਦੇ ਟੂਰਾਂ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦਾ। ਇਸ ਤਰ੍ਹਾਂ ਦਾ ਸੀਜ਼ਨ ਕਦੇ ਨਹੀਂ ਰਿਹਾ। ਅਸੀਂ ਜਾਣਦੇ ਹਾਂ ਕਿ ਖਿਡਾਰੀ ਕੁੱਝ ਮਹੀਨਿਆਂ ਤੋਂ ਵੱਖਰੇ ਮਾਹੌਲ ਵਿੱਚ ਰਹੇ ਹਨ। ਅਸੀਂ ਟੀਮ ਪ੍ਰਬੰਧਨ ਦਾ ਹਿੱਸਾ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਖਿਡਾਰੀਆਂ ਦੀ ਭਲਾਈ ਲਈ ਉਨ੍ਹਾਂ ਦਾ ਧਿਆਨ ਰੱਖਿਆ ਜਾਵੇ।”