ਹੈਦਰਾਬਾਦ ਡੈਸਕ:ਇਤਿਹਾਸ ਰਚਦਿਆਂ ਭਾਰਤੀ ਟੀਮ ਨੇ ਲਗਾਤਾਰ ਦੂਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਸਮੇਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ 'ਚ ਸੀਰੀਜ਼ ਦਾ ਆਖਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਨਿਊਜ਼ੀਲੈਂਡ ਦੇ ਇਕ ਮੈਚ ਤੋਂ ਇਹ ਖੁਸ਼ਖਬਰੀ ਆਈ ਹੈ। ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚ ਖਤਮ ਹੋ ਗਿਆ ਹੈ ਜਿਸ 'ਚ ਨਿਊਜ਼ੀਲੈਂਡ ਨੇ 2 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ ਅਤੇ ਇਸ ਦੇ ਨਾਲ ਹੀ, ਭਾਰਤੀ ਟੀਮ ਨੇ WTC 2023 ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
ਲੰਡਨ ਦੇ ਓਵਲ ਮੈਦਾਨ 'ਚ ਹੋਵੇਗਾ ਆਸਟ੍ਰੇਲੀਆ ਨਾਲ ਮੈਚ:ਭਾਰਤ ਦਾ ਸਾਹਮਣਾ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਲਈ ਆਸਟ੍ਰੇਲੀਆ ਨਾਲ ਹੋਵੇਗਾ, ਜੋ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਇਹ ਮੈਚ ਲੰਡਨ ਦੇ ਓਵਲ ਮੈਦਾਨ 'ਤੇ 7 ਤੋਂ 11 ਜੂਨ ਤੱਕ ਖੇਡਿਆ ਜਾਵੇਗਾ, 12 ਜੂਨ ਨੂੰ ਹੋਣ ਵਾਲੇ ਇਸ ਮੈਚ ਲਈ ਰਿਜ਼ਰਵ ਵੀ ਰੱਖਿਆ ਗਿਆ ਹੈ। ਟੀਮ ਇੰਡੀਆ ਲਗਾਤਾਰ ਦੂਜੀ ਵਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਸ ਨੂੰ ਫਾਈਨਲ 'ਚ ਨਿਊਜ਼ੀਲੈਂਡ ਨੇ ਹਰਾਇਆ ਸੀ।
ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਵਿੱਚ ਭਾਰਤ :ਭਾਰਤ ਨੇ ਇਸ ਚੈਂਪੀਅਨਸ਼ਿਪ ਵਿੱਚ ਕੁੱਲ 18 ਮੈਚ ਖੇਡੇ, ਜਿਨ੍ਹਾਂ ਵਿੱਚੋਂ 10 ਜਿੱਤੇ ਅਤੇ 5 ਹਾਰੇ, ਜਦਕਿ 3 ਟੈਸਟ ਡਰਾਅ ਹੋਏ। ਟੀਮ ਇੰਡੀਆ ਪੁਆਇੰਟ ਟੇਬਲ 'ਚ ਨੰਬਰ-2 'ਤੇ ਬਣੀ ਹੋਈ ਹੈ, ਜਦਕਿ ਆਸਟ੍ਰੇਲੀਆ 19 ਮੈਚਾਂ 'ਚ 11 ਜਿੱਤਾਂ ਦੇ ਨਾਲ ਨੰਬਰ-1 'ਤੇ ਕਾਇਮ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਹਰੇਕ ਟੀਮ ਨੂੰ 6-6 ਸੀਰੀਜ਼ ਖੇਡਣੀਆਂ ਸਨ ਜਿਸ ਵਿੱਚ 3 ਘਰੇਲੂ ਅਤੇ 3 ਵਿਦੇਸ਼ ਵਿੱਚ ਸਨ।