ਮੱਧ ਪ੍ਰਦੇਸ਼/ਇੰਦੌਰ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਦੌਰ 'ਚ ਖੇਡੇ ਗਏ ਦੂਜੇ ਵਨਡੇ 'ਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਭਾਰਤੀ ਟੀਮ ਦੀਆਂ ਵਿਸ਼ਵ ਕੱਪ 2023 ਵਿੱਚ ਵਿਸ਼ਵ ਕੱਪ ਟਰਾਫੀ ਜਿੱਤਣ ਦੀਆਂ ਉਮੀਦਾਂ ਵਧ ਗਈਆਂ ਹਨ। ਭਾਰਤੀ ਟੀਮ ਦੇ ਲਗਭਗ ਸਾਰੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਵਨਡੇ ਵਿੱਚ ਭਾਰਤ ਨੇ ਸ਼੍ਰੇਅਸ ਅਈਅਰ 105, ਸ਼ੁਭਮਨ ਗਿੱਲ 104, ਸੂਰਿਆਕੁਮਾਰ ਯਾਦਵ 72 ਅਤੇ ਕੇਐਲ ਰਾਹੁਲ ਦੀਆਂ 52 ਦੌੜਾਂ ਦੀ ਮਦਦ ਨਾਲ 399 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆਈ ਟੀਮ ਨੂੰ ਮੀਂਹ ਦੇ ਰੁਕਣ ਮਗਰੋਂ 33 ਓਵਰਾਂ ਵਿੱਚ 317 ਦੌੜਾਂ ਬਣਾਉਣੀਆਂ ਸਨ, ਪਰ ਕੰਗਾਰੂ ਬੱਲੇਬਾਜ਼ 217 ਦੌੜਾਂ ’ਤੇ ਹੀ ਢੇਰ ਹੋ ਗਏ। ਇਸ ਜਿੱਤ ਨਾਲ ਭਾਰਤੀ ਟੀਮ ਨੇ ਕਈ ਨਵੇਂ ਰਿਕਾਰਡ ਬਣਾਏ ਹਨ।
ਗਿੱਲ ਨੇ ਬਣਾਏ ਕਈ ਰਿਕਾਰਡ:ਸ਼ੁਭਮਨ ਗਿੱਲ ਨੇ 104 ਦੌੜਾਂ ਦੀ ਪਾਰੀ ਖੇਡ ਕੇ ਸ਼ਿਖਰ ਧਵਨ ਨੂੰ ਪਿੱਛੇ ਛੱਡ ਦਿੱਤਾ ਹੈ। ਗਿੱਲ ਨੇ 35 ਪਾਰੀਆਂ 'ਚ ਸਭ ਤੋਂ ਤੇਜ਼ 6 ਸੈਂਕੜੇ ਲਗਾਏ ਹਨ। ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ ਆਪਣੇ 6 ਸੈਂਕੜੇ ਪੂਰੇ ਕਰਨ ਲਈ 46 ਵਨਡੇ ਪਾਰੀਆਂ ਖੇਡੀਆਂ ਸਨ। ਗਿੱਲ ਨੇ ਇੱਕ ਹੋਰ ਕਾਰਨਾਮਾ ਵੀ ਕੀਤਾ। ਗਿੱਲ ਨੇ ਇੱਕ ਸਾਲ ਵਿੱਚ ਪੰਜ ਵਨਡੇ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸਚਿਨ ਤੇਂਦੁਲਕਰ ਅਜਿਹਾ ਕਰ ਚੁੱਕੇ ਹਨ। ਸ਼ੁਭਮਨ ਗਿੱਲ 24 ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਗਿੱਲ ਤੋਂ ਪਹਿਲਾਂ 24 ਸਾਲ ਦੀ ਉਮਰ ਵਿੱਚ ਸਚਿਨ ਤੇਂਦੁਲਕਰ ਦੇ ਨਾਂ 24 ਅਤੇ ਵਿਰਾਟ ਕੋਹਲੀ ਦੇ ਨਾਂ 19 ਸੈਂਕੜੇ ਹਨ।
ਸੂਰਿਆਕੁਮਾਰ ਯਾਦਵ ਨੇ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ:ਇਸ ਮੈਚ ਵਿੱਚ ਸੂਰਿਆਕੁਮਾਰ ਯਾਦਵ ਨੇ 24 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ ਹੈ। ਅਜਿਹਾ ਕਰਕੇ ਉਹ ਆਸਟ੍ਰੇਲੀਆ ਖਿਲਾਫ ਕਿਸੇ ਭਾਰਤੀ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਭਾਰਤ ਨੇ ਸੀਰੀਜ਼ ਜਿੱਤ ਕੇ ਇਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਭਾਰਤੀ ਟੀਮ ਘਰੇਲੂ ਮੈਦਾਨ 'ਤੇ 51 ਦੁਵੱਲੀ ਸੀਰੀਜ਼ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ, ਜੋ ਹੁਣ ਤੱਕ ਕਿਸੇ ਟੀਮ ਨੇ ਨਹੀਂ ਕੀਤਾ ਹੈ।
- Ind vs Aus : ਆਸਟ੍ਰੇਲੀਆ ਨੂੰ ਹਰਾ ਭਾਰਤ ਕ੍ਰਿਕਟ ਦੇ ਸਾਰੇ ਫਾਰਮੈਟ 'ਚ ਨੰਬਰ ਇੱਕ, ਕ੍ਰਿਕਟ ਇਤਿਹਾਸ 'ਚ ਟੀਮ ਇੰਡੀਆ ਅਜਿਹਾ ਕਾਰਨਾਮਾ ਕਰਨ ਵਾਲੀ ਦੂਜੀ ਟੀਮ
- Asian Games 2023: ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਭਾਰਤੀ ਮਹਿਲਾ ਕ੍ਰਿਕਟ ਟੀਮ, ਤਗ਼ਮਾ ਹੋਇਆ ਪੱਕਾ
- IND VS AUS: ਸ਼ੁਭਮਨ ਗਿੱਲ ਤੇ ਸ਼੍ਰੇਅਸ ਅਈਅਰ ਨੇ ਖੇਡੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ, ਜਾਣੋ ਕਿੰਨੇ ਚੌਕੇ ਤੇ ਛੱਕੇ