ਨਵੀਂ ਦਿੱਲੀ—ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਵਨਡੇ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਆਪਣੇ-ਆਪਣੇ ਸੈਂਕੜੇ ਪੂਰੇ ਕੀਤੇ। ਇਨ੍ਹਾਂ ਦੋਨਾਂ ਭਾਰਤੀ ਬੱਲੇਬਾਜ਼ਾਂ ਨੇ ਆਸਟਰੇਲਿਆਈ ਗੇਂਦਬਾਜ਼ਾਂ ਨੂੰ ਪਛਾੜਦੇ ਹੋਏ ਮੈਦਾਨ 'ਤੇ ਚੌਕੇ ਅਤੇ ਛੱਕੇ ਜੜੇ।
ਸ਼ੁਭਮਨ ਗਿੱਲ ਨੇ ਲਗਾਇਆ ਸੈਂਕੜਾ: ਇਸ ਮੈਚ 'ਚ ਗਿੱਲ ਨੇ ਬਹੁਤ ਹੌਲੀ ਸ਼ੁਰੂਆਤ ਕੀਤੀ, ਉਸ ਨੇ ਪਹਿਲੀਆਂ 10 ਗੇਂਦਾਂ 'ਤੇ ਸਿਰਫ 1 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗਿੱਲ ਨੇ ਹੱਥ ਖੋਲ੍ਹ ਕੇ ਇਕ ਤੋਂ ਬਾਅਦ ਇਕ ਛੱਕੇ ਮਾਰਨੇ ਸ਼ੁਰੂ ਕਰ ਦਿੱਤੇ। ਗਿੱਲ ਨੇ 92 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸਦੇ ਵਨਡੇ ਕਰੀਅਰ ਦਾ ਛੇਵਾਂ ਸੈਂਕੜਾ ਹੈ। ਉਸ ਨੇ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ ਆਪਣੀਆਂ 100 ਦੌੜਾਂ ਪੂਰੀਆਂ ਕੀਤੀਆਂ। ਗਿੱਲ ਨੇ ਪਹਿਲੇ ਵਨਡੇ ਵਿੱਚ ਵੀ 74 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਗਿੱਲ 104 ਦੌੜਾਂ ਬਣਾ ਕੇ ਆਊਟ ਹੋਏ।