ਮਾਨਚੈਸਟਰ : ਮੀਂਹ ਨੇ ਆਸਟ੍ਰੇਲੀਆ 'ਤੇ ਮੰਡਰਾ ਰਹੇ ਹਾਰ ਦੇ ਖ਼ਤਰੇ ਨੂੰ ਟਾਲ ਦਿੱਤਾ ਅਤੇ ਇੰਗਲੈਂਡ ਨਾਲ ਚੌਥਾ ਟੈਸਟ ਮੈਚ ਲਗਾਤਾਰ ਦੋ ਦਿਨ ਮੀਂਹ ਕਾਰਨ ਡਰਾਅ ਹੋ ਗਿਆ। ਇੰਗਲੈਂਡ ਦੀ ਟੀਮ ਨੂੰ ਮੀਂਹ ਕਾਰਨ ਆਖਰੀ ਦੋ ਦਿਨਾਂ ਦੀ ਖੇਡ ਖ਼ਰਾਬ ਹੋਣ ਕਾਰਨ ਕਾਫੀ ਨਿਰਾਸ਼ ਹੋਣਾ ਪਿਆ। ਇਸ ਮੈਚ ਦੇ ਡਰਾਅ ਹੋਣ ਕਾਰਨ ਕੰਗਾਰੂ ਟੀਮ ਦੇ ਐਸ਼ੇਜ਼ ਟਰਾਫੀ ਨੂੰ ਬਰਕਰਾਰ ਰੱਖਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਆਸਟ੍ਰੇਲੀਆ ਦੀ ਟੀਮ 2-1 ਦੀ ਬੜ੍ਹਤ ਨਾਲ ਸੋਮਵਾਰ ਸਵੇਰੇ ਮਾਨਚੈਸਟਰ ਤੋਂ ਓਵਲ ਲਈ ਰਵਾਨਾ ਹੋਵੇਗੀ, ਜਿੱਥੇ 27 ਜੁਲਾਈ ਤੋਂ ਆਖਰੀ ਟੈਸਟ ਮੈਚ ਖੇਡਿਆ ਜਾਣਾ ਹੈ, ਜਿੱਥੇ ਟੀਮ ਕੋਲ 2001 ਤੋਂ ਬਾਅਦ ਇੰਗਲੈਂਡ 'ਚ ਪਹਿਲੀ ਏਸ਼ੇਜ਼ ਸੀਰੀਜ਼ ਜਿੱਤਣ ਦਾ ਸੁਨਹਿਰੀ ਮੌਕਾ ਹੋਵੇਗਾ।
ਮੀਂਹ ਨੇ ਫੇਰਿਆ ਖੇਡ 'ਤੇ ਪਾਣੀ: ਅਮੀਰਾਤ ਓਲਡ ਟ੍ਰੈਫਰਡ 'ਚ ਸ਼ਨੀਵਾਰ ਨੂੰ ਮੀਂਹ ਕਾਰਨ ਸਿਰਫ 30 ਓਵਰਾਂ ਦੀ ਖੇਡ ਹੋਣ ਦੇ ਬਾਅਦ ਆਸਟ੍ਰੇਲੀਆ ਆਪਣੀ ਦੂਜੀ ਪਾਰੀ 'ਚ ਪੰਜਵੇਂ ਦਿਨ ਸਿਰਫ ਪੰਜ ਵਿਕਟਾਂ ਦੇ ਨਾਲ 61 ਦੌੜਾਂ ਨਾਲ ਪਿੱਛੇ ਹੈ। ਪਰ, ਲਗਾਤਾਰ ਮੀਂਹ ਕਾਰਨ ਐਤਵਾਰ ਦੀ ਖੇਡ ਬਿਨਾਂ ਗੇਂਦ ਸੁੱਟੇ ਰੱਦ ਕਰ ਦਿੱਤੀ ਗਈ ਅਤੇ ਆਖਰਕਾਰ ਸ਼ਾਮ 5.24 ਵਜੇ ਮੈਚ ਡਰਾਅ ਹੋ ਗਿਆ। ਭਾਰੀ ਮੀਂਹ ਅਤੇ ਕਵਰਾਂ 'ਤੇ ਪਾਣੀ ਜਮ੍ਹਾ ਹੋਣ ਕਾਰਨ ਆਊਟਫੀਲਡ 'ਤੇ ਟੋਏ ਬਣ ਗਏ ਸਨ, ਜਿਸ ਕਾਰਨ ਖੇਡਣਾ ਮੁਸ਼ਕਲ ਹੋ ਗਿਆ ਸੀ। ਇਸ ਕਾਰਨ ਅੰਪਾਇਰਾਂ ਨੇ ਦਿਨ ਦੀ ਖੇਡ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਉਸ ਸਮੇਂ ਤੱਕ ਕੋਈ ਖੇਡ ਨਾ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਜ਼ਿਆਦਾਤਰ ਲੋਕ ਘਰਾਂ ਨੂੰ ਚਲੇ ਗਏ ਸਨ। ਮੈਦਾਨ ਦੇ ਸਟੈਂਡ ਬਿਲਕੁਲ ਸੁੰਨਸਾਨ ਹੋ ਗਏ।