ਚੰਡੀਗੜ੍ਹ (World Cup 2023):ਵਨਡੇ ਵਿਸ਼ਵ ਕੱਪ 2023 ਦਾ 11ਵਾਂ ਮੈਚ ਅੱਜ ਯਾਨੀ 13 ਅਕਤੂਬਰ ਨੂੰ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ, ਚੇਨਈ 'ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ। ਇਸ ਮੈਚ 'ਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਖੇਡਣਗੇ। ਉਹ ਇੰਗਲੈਂਡ ਦੇ ਖਿਲਾਫ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਅਤੇ ਨੀਦਰਲੈਂਡ ਖਿਲਾਫ ਦੂਜੇ ਮੈਚ 'ਚ ਵੀ ਨਹੀਂ ਖੇਡ ਸਕੇ ਸੀ। ਵਿਲੀਅਮਸਨ IPL 2023 (31 ਮਾਰਚ) ਦੌਰਾਨ ਜ਼ਖਮੀ ਹੋ ਗਿਆ ਸੀ, ਉਦੋਂ ਤੋਂ ਉਹ ਮੈਦਾਨ ਤੋਂ ਦੂਰ ਸੀ। ਵਿਲੀਅਮਸਨ ਦੀ ਗੈਰ-ਮੌਜੂਦਗੀ ਵਿੱਚ ਟਾਮ ਲੈਥਮ ਨੇ ਦੋਵਾਂ ਮੈਚਾਂ ਵਿੱਚ ਟੀਮ ਦੀ ਕਮਾਨ ਸੰਭਾਲੀ। (New Zealand Vs Bangladesh)
ਇਸ ਟੂਰਨਾਮੈਂਟ ਵਿੱਚ ਦੋਵਾਂ ਟੀਮਾਂ ਦਾ ਤੀਜਾ ਮੈਚ:ਇਸ ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਭਾਵ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦਾ ਇਹ ਤੀਜਾ ਮੈਚ ਹੈ। ਨਿਊਜ਼ੀਲੈਂਡ ਨੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਅਤੇ ਦੂਜੇ ਮੈਚ ਵਿੱਚ ਨੀਦਰਲੈਂਡ ਨੂੰ ਹਰਾਇਆ ਸੀ। ਉਥੇ ਹੀ ਬੰਗਲਾਦੇਸ਼ ਨੇ ਪਹਿਲੇ ਮੈਚ 'ਚ ਅਫਗਾਨਿਸਤਾਨ ਨੂੰ ਹਰਾਇਆ ਸੀ ਪਰ ਦੂਜੇ ਮੈਚ 'ਚ ਇੰਗਲੈਂਡ ਖਿਲਾਫ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪਿਛਲੇ ਪੰਜ ਮੈਚਾਂ ਦੌਰਾਨ ਟੀਮਾਂ ਪ੍ਰਦਰਸ਼ਨ: ਨਿਊਜ਼ੀਲੈਂਡ ਟੀਮ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਖਰੀ ਪੰਜ ਵਨਡੇ ਮੁਕਾਬਲਿਆਂ 'ਚ ਇਸ ਟੀਮ ਨੇ ਚਾਰ ਮੈਚਾਂ 'ਚ ਜਿੱਤ ਦਰਜ ਕੀਤੀ ਹੈ, ਜਦਕਿ ਇੱਕ ਮੁਕਾਬਲੇ ਦਾ ਕੋਈ ਨਤੀਜਾ ਹੀ ਨਹੀਂ ਨਿਕਲਿਆ। ਉਥੇ ਹੀ ਬੰਗਲਾਦੇਸ਼ ਟੀਮ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਪਿਛਲੇ 5 ਵਨਡੇ ਮੈਚਾਂ 'ਚ ਬੰਗਲਾਦੇਸ਼ ਸਿਰਫ਼ ਇੱਕ ਮੈਚ ਹੀ ਜਿੱਤ ਸਕੀ ਹੈ, ਜਦਕਿ ਤਿੰਨ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਹੈੱਡ ਟੂ ਹੈੱਡ ਨਿਊਜ਼ੀਲੈਂਡ ਅੱਗੇ: ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 41 ਵਨਡੇ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ 30 ਨਿਊਜ਼ੀਲੈਂਡ ਨੇ ਅਤੇ 10 ਬੰਗਲਾਦੇਸ਼ ਨੇ ਜਿੱਤੇ ਹਨ। ਇੱਕ ਮੈਚ ਨਿਰਣਾਇਕ ਰਿਹਾ। ਵਨਡੇ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਦੋਵਾਂ ਵਿਚਾਲੇ ਹੁਣ ਤੱਕ ਪੰਜ ਮੈਚ ਖੇਡੇ ਗਏ ਹਨ ਅਤੇ ਕੀਵੀ ਟੀਮ ਨੇ ਸਾਰੇ ਮੈਚ ਜਿੱਤੇ ਹਨ।
ਕਾੱਨਵੇ ਨਿਊਜ਼ੀਲੈਂਡ ਦਾ ਚੋਟੀ ਦਾ ਬੱਲੇਬਾਜ਼: ਡੇਵੋਨ ਕਾੱਨਵੇ ਨੇ ਇਸ ਸਾਲ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਦੇ ਨਾਂ 184 ਦੌੜਾਂ ਹਨ। ਰਚਿਨ ਰਵਿੰਦਰਾ 174 ਦੌੜਾਂ ਨਾਲ ਦੂਜੇ ਸਥਾਨ 'ਤੇ ਹਨ। ਗੇਂਦਬਾਜ਼ਾਂ ਵਿੱਚ ਮਿਸ਼ੇਲ ਸੈਂਟਨਰ ਨੇ 7 ਅਤੇ ਮੈਟ ਹੈਨਰੀ ਨੇ 6 ਵਿਕਟਾਂ ਲਈਆਂ ਹਨ।